ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵੱਡਾ ਫ਼ੈਸਲਾ, ਨਾਬਾਲਗ ਬੇਟੇ ਦੀ ਕਸਟਡੀ ਆਸਟ੍ਰੇਲੀਅਨ ਮਾਂ ਨੂੰ ਸੌਂਪਣ ਦੇ ਦਿੱਤੇ ਹੁਕਮ

cbadmin
By
cbadmin
2 Min Read

ਮੈਲਬਰਨ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਨਾਬਾਲਗ ਬੇਟੇ ਦੀ ਕਸਟਡੀ ਉਸ ਦੀ ਆਸਟ੍ਰੇਲੀਅਨ ਮਾਂ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਦਰਅਸਲ ਜੋੜੇ ਦਾ ਤਲਾਕ ਹੋ ਗਿਆ ਸੀ ਅਤੇ ਆਸਟ੍ਰੇਲੀਆ ਦੀ ਫੈਮਿਲੀ ਕੋਰਟ ਨੇ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਬੇਟੇ ਅਤੇ ਧੀ ਦੀ ਮਾਂ ਨੂੰ ਕਸਟਡੀ ਦਿੱਤੀ ਸੀ।

ਆਸਟ੍ਰੇਲੀਅਨ ਫੈਮਿਲੀ ਕੋਰਟ ਨੇ ਪਿਤਾ ਨੂੰ ਸਿਰਫ਼ 8 ਜਨਵਰੀ ਤੋਂ 2 ਫਰਵਰੀ ਤੱਕ ਆਪਣੇ ਬੱਚਿਆਂ ਨੂੰ ਭਾਰਤ ਲਿਜਾਣ ਦੀ ਇਜਾਜ਼ਤ ਦਿੱਤੀ ਸੀ। ਮਿਆਦ ਖ਼ਤਮ ਹੋਣ ’ਤੇ ਪਿਤਾ ਨੇ ਧੀ ਨੂੰ ਤਾਂ ਵਾਪਸ ਭੇਜ ਦਿੱਤਾ ਗਿਆ ਪਰ ਬੇਟੇ ਨੂੰ ਆਪਣੇ ਨਾਲ ਹੀ ਰੱਖ ਲਿਆ। ਇਸ ’ਤੇ ਮਾਂ ਨੇ ਆਸਟ੍ਰੇਲੀਅਨ ਫੈਮਿਲੀ ਕੋਰਟ ‘ਚ ਪਟੀਸ਼ਨ ਦਾਇਰ ਕੀਤੀ, ਜਿਸ ਤੋਂ ਬਾਅਦ ਅਦਾਲਤ ਨੇ 3 ਮਾਰਚ ਨੂੰ ਭਾਰਤ ਸਰਕਾਰ ਅਤੇ ਸਬੰਧਤ ਪੁਲਸ ਅਧਿਕਾਰੀਆਂ ਨੂੰ ਸਹਿਯੋਗ ਕਰਨ ਲਈ ਕਿਹਾ ਤਾਂ ਜੋ ਬੱਚੇ ਨੂੰ ਆਸਟ੍ਰੇਲੀਆ ਭੇਜਿਆ ਜਾ ਸਕੇ।

ਪਿਤਾ ਨੇ ਹਾਈ ਕੋਰਟ ‘ਚ ਦਲੀਲ ਦਿੱਤੀ ਸੀ ਕਿ ਭਾਰਤ ਨੇ ਹੇਗ ਕਨਵੈਨਸ਼ਨ ‘ਤੇ ਦਸਤਖਤ ਨਹੀਂ ਕੀਤੇ ਹਨ, ਇਸ ਲਈ ਆਸਟ੍ਰੇਲੀਆ ਦੀ ਅਦਾਲਤ ਦੇ ਆਦੇਸ਼ ਨੂੰ ਭਾਰਤ ‘ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਪਰ ਹਾਈ ਕੋਰਟ ਨੇ ਜ਼ੋਰ ਦੇ ਕੇ ਕਿਹਾ ਕਿ ਮਾਂ ਨੇ ਆਪਣਾ ਜੀਵਨ ਬਿਨਾਂ ਦੁਬਾਰਾ ਵਿਆਹ ਕੀਤੇ ਬੱਚਿਆਂ ਦੀ ਭਲਾਈ ਲਈ ਸਮਰਪਿਤ ਕਰ ਦਿੱਤਾ ਹੈ। ਜਦਕਿ ਪਿਤਾ ਨੇ ਦੁਬਾਰਾ ਵਿਆਹ ਕਰਵਾ ਲਿਆ ਹੈ ਅਤੇ ਬੱਚੇ ਦਾ ਭਵਿੱਖ ਮਤਰੇਈ ਮਾਂ ਨਾਲ ਚੰਗਾ ਨਹੀਂ ਹੋ ਸਕਦਾ।

Share This Article