ਆਸਟ੍ਰੇਲੀਆ ’ਚ ਵਕੀਲ ਬਣ ਕੇ ਨਰਿੰਦਰਪਾਲ ਕੌਰ ਨੇ ਵਧਾਇਆ ਆਪਣੇ ਪਿੰਡ ਕੰਮੇਆਣਾ ਦਾ ਮਾਣ

cbadmin
By
cbadmin
2 Min Read

ਫ਼ਰੀਦਕੋਟ : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੰਮੇਆਣਾ ਦੀ ਧੀ ਨਰਿੰਦਰਪਾਲ ਕੌਰ ਵਕੀਲ ਬਣ ਕੇ 4 ਸਾਲ ਬਾਅਦ ਪਿੰਡ ਪਰਤੀ ਤਾਂ ਲੋਕਾਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਵਿਦੇਸ਼ ਵਿੱਚ ਉਨ੍ਹਾਂ ਦੇ ਪਿੰਡ ਦੀ ਪਹਿਲੀ ਲੜਕੀ ਵਕੀਲ ਬਣੀ ਹੈ। ਨਰਿੰਦਰਪਾਲ ਕੌਰ ਦੇ ਚਾਚਾ ਨੈਬ ਸਿੰਘ ਸੰਧੂ ਅਤੇ ਬਾਬਾ ਸ਼ੈਦੂ ਸ਼ਾਹ ਸਪੋਰਟਸ ਤੇ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਰਾਜਾ ਨੇ ਦੱਸਿਆ ਕਿ ਨਰਿੰਦਰਪਾਲ ਕੌਰ 2004 ਵਿੱਚ ਸਟੱਡੀ ਵੀਜ਼ਾ ’ਤੇ ਆਸਟ੍ਰੇਲੀਆ ਗਈ ਸੀ ਅਤੇ ਉਥੇ ਇਸ ਦੀ 2007 ਵਿੱਚ ਪੀ.ਆਰ. ਹੋ ਗਈ।

ਉਨ੍ਹਾਂ ਦੱਸਿਆ ਕਿ ਉਸ ਨੇ ਅਤੇ ਉਸ ਦੇ ਭਰਾ ਸੁਖਪਾਲ ਸਿੰਘ ਸੰਧੂ ਨੇ ਕਾਫੀ ਸਮਾਂ ਆਸਟ੍ਰੇਲੀਆ ਵਿੱਚ ਮਾਈਗ੍ਰੇਸ਼ਨ ਲਾਅ ਤਹਿਤ ਕੰਮ ਕੀਤਾ ਅਤੇ ਹੁਣ ਨਰਿੰਦਰਪਾਲ ਕੌਰ ਨੇ ਉਥੋਂ ਵਕੀਲ ਦੀ ਡਿਗਰੀ ਮੁਕੰਮਲ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਵਕੀਲ ਬਣਨ ਤੋਂ ਬਾਅਦ ਉਹ ਪਹਿਲੀ ਵਾਰ ਪਿੰਡ ਆਈ ਹੈ, ਇਸ ਲਈ ਪਿੰਡ ਵਾਸੀਆਂ ਅਤੇ ਕਲੱਬ ਆਗੂਆਂ ਵੱਲੋਂ ਵਿੱਚ ਖੁਸ਼ੀ ਦਾ ਮਾਹੌਲ ਹੈ।

ਨਰਿੰਦਰਪਾਲ ਕੌਰ ਨੇ ਦੱਸਿਆ ਕਿ ਉਹ ਬੀ.ਐੱਸ.ਸੀ. ਆਈ.ਟੀ. ਕਰ ਕੇ ਆਸਟ੍ਰੇਲੀਆ ਚਲੀ ਗਈ ਸੀ ਅਤੇ ਉਥੇ ਉਸ ਨੇ ਪਰਥ ਵਿੱਚ ਹੁਣ ਆਪਣੀ ਕਾਨੂੰਨ ਦੀ ਪੜ੍ਹਾਈ ਪੂਰੀ ਕਰ ਕੇ ਉਥੋਂ ਦੀ ਸੁਪਰੀਮ ਕੋਰਟ ਵਿੱਚ ਰਵਾਇਤਾਂ ਅਨੁਸਾਰ ਸਹੁੰ ਚੁੱਕ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਪਿਤਾ ਅਜੈਬ ਸਿੰਘ ਸੰਧੂ ਅਤੇ ਮਾਤਾ ਹਰਦੀਪ ਕੌਰ ਦਾ ਸੁਫ਼ਨਾ ਸੀ ਕਿ ਉਹ ਆਸਟ੍ਰੇਲੀਆ ਦੀ ਧਰਤੀ ’ਤੇ ਕਾਨੂੰਨ ਦੀ ਪੜ੍ਹਾਈ ਪੂਰੀ ਕਰ ਕੇ ਵਕੀਲ ਬਣਨ, ਜੋ ਪੂਰਾ ਹੋ ਗਿਆ ਹੈ। ਇਸ ਸਮੇਂ ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ, ਗੋਗਾ ਪ੍ਰਧਾਨ ਅਤੇ ਕਮਲਜੀਤ ਸ਼ਰਮਾ ਮੌਜੂਦ ਸਨ।

ਸਰੋਤ : ਬਲਵਿੰਦਰ ਹਾਲੀ, ਸੀਨੀਅਰ ਪੱਤਰਕਾਰ (ਫਰੀਦਕੋਟ)

Share This Article