ਮੈਲਬਰਨ : ਵਾਗਾ ਵਾਗਾ ਨੇੜੇ NSW ਨਦੀ ਖੇਤਰ ਵਿੱਚ ਇੱਕ ਪ੍ਰਾਪਰਟੀ ਤੋਂ 500 ਤੋਂ ਵੱਧ ਘੋੜਿਆਂ ਦੇ ਹੱਡੀ ਪਿੰਜਰ ਮਿਲਣ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਹੈ। ਵਾਗਾ ਵਾਗਾ ਸਿਟੀ ਕੌਂਸਲ NSW ਪੁਲਿਸ ਦੇ ਸਹਿਯੋਗ ਨਾਲ ਇਕ ਅਣਪਛਾਤੇ ਮੁਖਬਰ ਦੀ ਸੂਚਨਾ ਤੋਂ ਬਾਅਦ ਦੋ ਮਹੀਨੇ ਪਹਿਲਾਂ ਆਪਣੀ ਜਾਂਚ ਸ਼ੁਰੂ ਕੀਤੀ ਸੀ। ਪ੍ਰਾਪਰਟੀ ਦੇ ਮਾਲਕ ਨੂੰ ਕੌਂਸਲ ਤੋਂ ਕਿਸੇ ਵੀ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਘੋੜਿਆਂ ਦਾ ਕਤਲ ਲੰਬੇ ਸਮੇਂ ਤੋਂ ਹੋ ਰਿਹਾ ਸੀ ਅਤੇ ਪੂਰੀ ਪ੍ਰਾਪਰਟੀ ’ਚ ਵਿੱਚ ਘੋੜਿਆਂ ਦੀਆਂ ਲਾਸ਼ਾਂ ਖਿੱਲਰੀਆਂ ਪਈਆਂ ਸਨ। ‘ਕੋਅਲੀਸ਼ਨ ਫਾਰ ਦਿ ਪ੍ਰੋਟੈਕਸ਼ਨ ਆਫ ਰੇਸਹਾਰਸ’ ਮੁਹਿੰਮ ਦੇ ਨਿਰਦੇਸ਼ਕ, ਏਲੀਓ ਸੇਲੋਟੋ ਨੇ ਸੁਝਾਅ ਦਿੱਤਾ ਕਿ ਇਹ ਪ੍ਰਾਪਰਟੀ ਇੱਕ ਗੈਰ-ਕਾਨੂੰਨੀ ਬੁੱਚੜਖਾਨਾ ਹੋ ਸਕਦੀ ਹੈ, ਜਿੱਥੇ ਜਾਨਵਰਾਂ ਨੂੰ ਪਾਲਤੂ ਜਾਨਵਰਾਂ ਦੇ ਭੋਜਨ ਜਾਂ ਜਾਨਵਰਾਂ ਦੇ ਉਪ-ਉਤਪਾਦਾਂ ਨੂੰ ਬਣਾਉਣ ਲਈ ਮਾਰਿਆ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਾਪਰਟੀ ’ਤੇ ਮਿਲੇ ਜ਼ਿਆਦਾਤਰ ਘੋੜੇ ਰੇਸ ਦੇ ਘੋੜੇ ਸਨ, ਹਾਲਾਂਕਿ ਰੇਸਿੰਗ NSW ਨੇ ਰੇਸ ਘੋੜਿਆਂ ਨੂੰ ਸਿੱਧੇ ਕਤਲ ਲਈ ਭੇਜਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਜਾਂਚ ਜਾਰੀ ਹੈ।