ਮੈਲਬਰਨ: ਆਸਟ੍ਰੇਲੀਆ ਆਧਾਰਤ ਮਸ਼ਹੂਰ ਗ੍ਰਾਫ਼ਿਕ ਡਿਜ਼ਾਈਨਿੰਗ ਕੰਪਨੀ Canva ਦੇ ਮੁੱਖ ਵਿੱਤੀ ਅਧਿਕਾਰੀ ਦਾਮੀਆਂ ਸਿੰਘ (Damian Singh) ਨੇ ਪਿਛਲੇ ਹਫਤੇ ਚੁੱਪਚਾਪ ਆਪਣੀ ਨੌਕਰੀ ਛੱਡ ਦਿੱਤੀ। ਇਸ ਬਾਰੇ ਐਲਾਨ ਤੋਂ ਬਾਅਦ ਕਈ ਸਰੋਤ ਸਾਹਮਣੇ ਆਏ ਹਨ, ਜਿਨ੍ਹਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦਾ ਅਸਤੀਫਾ ‘ਅਣਉਚਿਤ ਵਿਵਹਾਰ’ ਕਾਰਨ ਹੋਇਆ ਸੀ। ਅਜਿਹਾ ਕਿਹਾ ਜਾ ਰਿਹਾ ਹੈ ਉਨ੍ਹਾਂ ’ਤੇ ਕੰਪਨੀ ਦੀਆਂ ਔਰਤ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਹੈ। ਦਾਮੀਆਂ ਸਿੰਘ 8 ਸਾਲਾਂ ਤੋਂ ਕੰਪਨੀ ’ਚ ਕੰਮ ਕਰ ਰਿਹਾ ਸੀ।
ਦੋਸ਼ ਕੈਨਵਾ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਦਾਮੀਆਂ ਸਿੰਘ ਦੇ ਕਥਿਤ ਵਿਵਹਾਰ ਦੀ ਅੰਦਰੂਨੀ ਜਾਂਚ ਕੀਤੀ ਗਈ ਸੀ। ਕੈਨਵਾ ਨੇ ਦੋਸ਼ਾਂ ਦਾ ਸਿੱਧਾ ਜਵਾਬ ਨਹੀਂ ਦਿੱਤਾ, ਪਰ ਆਮ ਟਿੱਪਣੀ ਕੀਤੀ ਕਿ ‘ਸਾਰਿਆਂ ਲਈ ਸੁਰੱਖਿਅਤ ਵਾਤਾਵਰਣ ਬਣਾਉਣਾ ਸਾਡੀ ਪਹਿਲੀ ਤਰਜੀਹ ਹੈ।’ ਕੈਨਵਾ ਦੇ ਇਕ ਬੁਲਾਰੇ ਨੇ ਮੀਡੀਆ ਨੂੰ ਦਿੱਤੇ ਬਿਆਨ ’ਚ ਕਿਹਾ, ‘‘‘ਸਾਡੇ ਕੋਲ ਅਣਉਚਿਤ ਵਿਵਹਾਰ ਲਈ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਹੈ ਅਤੇ ਅਸੀਂ ਇਸ ਦੇ ਕਿਸੇ ਵੀ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰਨ ਅਤੇ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।’’
ਪਿਛਲੇ ਹਫਤੇ ਦਾਮੀਆਂ ਸਿੰਘ ਦੇ ਜਾਣ ਨੂੰ ਕੈਨਵਾ ਨੇ ਇਸ ਪ੍ਰਕਾਸ਼ਨ ਲਈ ਇੱਕ ਲੰਬੇ ਸਮੇਂ ਤੋਂ ਯੋਜਨਾਬੱਧ ਕਦਮ ਵਜੋਂ ਪੇਸ਼ ਕੀਤਾ ਸੀ ਕਿਉਂਕਿ ਕਾਰੋਬਾਰ ਅੰਤਮ IPO ਦੇ ਨੇੜੇ ਪਹੁੰਚ ਰਿਹਾ ਹੈ। ਕੰਪਨੀ ਨੇ ਕਿਹਾ ਸੀ ਕਿ ਜਨਤਕ ਕੰਪਨੀਆਂ ਦੇ ਲੰਬੇ ਟਰੈਕ ਰਿਕਾਰਡ ਵਾਲੇ CFO ਨੂੰ ਲਿਆਉਣ ਦਾ ਹੁਣ ਸਹੀ ਸਮਾਂ ਹੈ।