ਮੈਲਬਰਨ: ਨਕਾਬਪੋਸ਼ ਵਿਅਕਤੀਆਂ ਦੇ ਇੱਕ ਸਮੂਹ ਵੱਲੋਂ ‘ਆਸਟ੍ਰੇਲੀਆ ਗੋਰੇ ਲੋਕਾਂ ਲਈ ਹੈ’ ਦੇ ਨਾਅਰੇ ਲਾਉਂਦੇ ਹੋਏ ਆਸਟ੍ਰੇਲੀਆ ਦੇ ਬਲਾਰਤ (Neo-Nazi rally in Victoria) ਦੀਆਂ ਸੜਕਾਂ ‘ਤੇ ਮਾਰਚ ਕਰਨ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਇਸ ਨਵ-ਨਾਜ਼ੀ ਮਾਰਚ ਤੋਂ ਬਾਅਦ ਇਨ੍ਹਾਂ ਲੋਕਾਂ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਉੱਠੀ ਹੈ। ਕਾਲੇ ਕੱਪੜੇ ਪਹਿਨੇ ਅਤੇ ਬਾਲਾਕਲਾਵਾ (ਅਜਿਹਾ ਨਕਾਬ ਜਿਸ ’ਚ ਸਿਰਫ਼ ਅੱਖਾਂ ਨੰਗੀਆਂ ਰਹਿੰਦੀਆਂ ਹਨ) ਪਹਿਨੇ ਹੋਏ ਇਨ੍ਹਾਂ ਵਿਅਕਤੀਆਂ ਨੇ ਇਕ ਬੈਨਰ ਫੜਿਆ ਹੋਇਆ ਸੀ, ਜਿਸ ‘ਤੇ ਇਕੋ ਸੰਦੇਸ਼ ‘ਹੇਲ ਵਿਕਟਰੀ’ ਲਿਖਿਆ ਹੋਇਆ ਸੀ ਅਤੇ ਇਸ ਦੇ ਹੀ ਨਾਅਰੇ ਲਗਾਏ ਜਾ ਰਹੇ ਸਨ।
ਪ੍ਰੀਮੀਅਰ ਜੈਸਿੰਟਾ ਐਲਨ ਨੇ ਇਸ ਵਿਵਹਾਰ ਦੀ ਨਿੰਦਾ ਕੀਤੀ ਅਤੇ ਇਸ ਨੂੰ ਨਫ਼ਰਤ ਭਰਿਆ ਦੱਸਿਆ। ਸਟੇਟ ਦੀ ਪੁਲਿਸ ਐਸੋਸੀਏਸ਼ਨ ਦੇ ਸਕੱਤਰ ਵੇਨ ਗੈਟ ਨੇ ਅਜਿਹੀਆਂ ਰੈਲੀਆਂ ਨਾਲ ਨਜਿੱਠਣ ਵਿੱਚ ਮੌਜੂਦਾ ਸਟੇਟ ਕਨੂੰਨਾਂ ਦੀਆਂ ਹੱਦਾਂ ‘ਤੇ ਨਿਰਾਸ਼ਾ ਜ਼ਾਹਰ ਕੀਤੀ। ਅਕਤੂਬਰ ਵਿੱਚ, ਜਨਤਕ ਤੌਰ ‘ਤੇ ਨਾਜ਼ੀ ਇਸ਼ਾਰਿਆਂ ਜਾਂ ਚਿੰਨ੍ਹਾਂ ਨੂੰ ਜਾਣਬੁੱਝ ਕੇ ਪ੍ਰਦਰਸ਼ਿਤ ਕਰਨ ‘ਤੇ ਪਾਬੰਦੀ ਲਗਾਉਣ ਲਈ ਕਾਨੂੰਨ ਬਣਾਇਆ ਗਿਆ ਸੀ। ਹਾਲਾਂਕਿ, ਪ੍ਰਦਰਸ਼ਨ ਦੀ ਫੁਟੇਜ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਨਾਜ਼ੀ ਸਵਾਸਤਿਕ ਦਿਖਾਉਂਦੇ ਜਾਂ ਸਲਾਮੀ ਦਿੰਦੇ ਨਹੀਂ ਦਿਖਾਇਆ ਗਿਆ ਜਿਸ ਕਾਰਨ ਪੁਲਿਸ ਇਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਕਰ ਸਕਦੀ। ਕੱਟੜਵਾਦ ਵਿਸ਼ੇ ਦੇ ਮਾਹਰ ਜੋਸ਼ ਰੂਜ਼ ਨੇ ਸੁਝਾਅ ਦਿੱਤਾ ਕਿ ਇਹ ਸਮੂਹ ਸਟੇਟ ਦੇ ਕਾਨੂੰਨਾਂ ਵਿੱਚ ਖਾਮੀਆਂ ਦਾ ਫਾਇਦਾ ਉਠਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਚਿਹਰੇ ਲੁਕਾ ਕੇ ਵਿਰੋਧ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਕਾਨੂੰਨ ’ਚ ਤਬਦੀਲੀ ਦਾ ਪ੍ਰਸਤਾਵ ਦਿੱਤਾ ਹੈ। ਮਾਣਹਾਨੀ ਵਿਰੋਧੀ ਕਮਿਸ਼ਨ ਦੇ ਪ੍ਰਧਾਨ ਡਵੀਰ ਅਬਰਾਮੋਵਿਚ ਨੇ ਵਿਕਟੋਰੀਆ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕਾਨੂੰਨ ਪੇਸ਼ ਕਰੇ ਜੋ ਨਾਜ਼ੀਵਾਦ ਦੀ ਮਹਿਮਾ ਕਰਨ ‘ਤੇ ਰੋਕ ਲਗਾਉਣ। ਵਿਰੋਧੀ ਧਿਰ ਦੇ ਨੇਤਾ ਜੌਨ ਪੇਸੁਟੋ ਨੇ ਵੀ ਇਨ੍ਹਾਂ ਭਾਵਨਾਵਾਂ ਨੂੰ ਦੁਹਰਾਇਆ ਅਤੇ ਸੰਭਾਵਿਤ ਹਿੰਸਾ ਅਤੇ ਨਫ਼ਰਤ ਨੂੰ ਉਤਸ਼ਾਹਤ ਕਰਨ ਵਾਲੇ ਪ੍ਰਦਰਸ਼ਨਾਂ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ।
ਤਾਜ਼ਾ ਨਵ-ਨਾਜ਼ੀ ਵਿਰੋਧ ਪ੍ਰਦਰਸ਼ਨ ਕਥਿਤ ਤੌਰ ‘ਤੇ ਬਲਾਰਤ ਵਿੱਚ ਇੱਕ ਇਤਿਹਾਸਕ ਘਟਨਾ ਯੂਰੇਕਾ ਸਟਾਕੇਡ ਦੀ ਵਰ੍ਹੇਗੰਢ ਦੇ ਮੌਕੇ ‘ਤੇ ਕੀਤਾ ਗਿਆ ਸੀ। ਬਲਾਰਤ ਦੇ ਮੇਅਰ ਡੇਸ ਹਡਸਨ ਨੇ ਵਿਰੋਧ ਪ੍ਰਦਰਸ਼ਨ ‘ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਸ਼ਹਿਰ ਦੀਆਂ ਬਹੁ-ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਨਹੀਂ ਦਰਸਾਉਂਦਾ। ਉਨ੍ਹਾਂ ਕਿਹਾ, ‘‘ਸਾਡਾ ਸ਼ਹਿਰ ਸ਼ਰਨਾਰਥੀ ਹਮਾਇਤੀ ਹੈ। ਅਸੀਂ ਬਹੁ-ਸਭਿਆਚਾਰ ਨੂੰ ਅਪਣਾਇਆ ਹੈ। ਬਲਾਰਤ ਦੀਆਂ ਗਲੀਆਂ ’ਚ ਇਸ ਤਰ੍ਹਾਂ ਦਾ ਪ੍ਰਦਰਸ਼ਨ ਪ੍ਰੇਸ਼ਾਨ ਕਰਨ ਵਾਲਾ ਹੈ।’’
ਵਿਕਟੋਰੀਆ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਸ਼ਰਮਨਾਕ ਅਤੇ ਕਾਇਰਾਨਾ ਕਾਰਵਾਈਆਂ ਦੀ ਸੂਬੇ ਵਿਚ ਕੋਈ ਥਾਂ ਨਹੀਂ ਹੈ। ਬੁਲਾਰੇ ਨੇ ਕਿਹਾ ਕਿ ਵਿਕਟੋਰੀਆ ਦੇ ਕਾਨੂੰਨਾਂ ਨੂੰ ਮਜ਼ਬੂਤ ਕਰਨ ਅਤੇ ਵਧਾਉਣ ਲਈ ਸਲਾਹ-ਮਸ਼ਵਰਾ ਚੱਲ ਰਿਹਾ ਹੈ। ਬੁਲਾਰੇ ਨੇ ਕਿਹਾ, ‘‘ਇਹ ਕਾਨੂੰਨ ਬਹੁਤ ਗੁੰਝਲਦਾਰ ਕਾਨੂੰਨ ਹਨ- ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਤਬਦੀਲੀ ਅਣਜਾਣੇ ਵਿੱਚ ਉਨ੍ਹਾਂ ਲੋਕਾਂ ਦੇ ਵਿਰੁੱਧ ਕੰਮ ਕਰੇ ਜਿਨ੍ਹਾਂ ਦੀ ਅਸੀਂ ਰਾਖੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’’ ਉਨ੍ਹਾਂ ਨੂੰ ਨਫ਼ਰਤ ਭਰੇ ਭਾਸ਼ਣਾਂ ਤੋਂ ਭਾਈਚਾਰਿਆਂ ਦੀ ਰੱਖਿਆ ਕਰਨ ਅਤੇ ਲੋਕਾਂ ਦੇ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦਾ ਸਨਮਾਨ ਕਰਨ ਵਿਚਕਾਰ ਧਿਆਨ ਨਾਲ ਸੰਤੁਲਿਤ ਕੀਤਾ ਜਾਣਾ ਚਾਹੀਦਾ ਹੈ।