ਨਿਊਜ਼ੀਲੈਂਡ ਵਿੱਚ ਇੰਡੀਆ ਤੇ ਹੋਰ ਦੇਸ਼ਾਂ ‘ਚੋਂ ਪੜ੍ਹੇ ਡਾਕਟਰਾਂ ਦਾ ਬੁਰਾ ਹਾਲ -ਊਬਰ ਡਰਾਈਵਿੰਗ ਤੇ ਕਾਲ ਸੈਂਟਰਾਂ `ਚ ਕੰਮ ਕਰਨ ਲਈ ਮਜ਼ਬੂਰ

ਮੈਲਬਰਨ : ਪੰਜਾਬੀ ਕਲਾਊਡ ਟੀਮ :-
ਭਾਰਤ ਸਮੇਤ ਹੋਰ ਦੇਸ਼ਾਂ ਚੋਂ ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਅਤੇ ਵਧੀਆ ਤਜਰਬਾ ਹਾਸਲ ਕਰਨ ਦੇ ਬਾਵਜੂਦ ਕਈ ਡਾਕਟਰ ਨਿਊਜ਼ੀਲੈਂਡ `ਚ ਊਬਰ ਡਰਾਈਵਰ ਬਣਨ ਲਈ ਮਜ਼ਬੂਰ ਹਨ। ਕਈ ਕਾਲ ਸੈਂਟਰਾਂ `ਚ ਅਤੇ ਕਈ ਹੈਲਥ ਕੇਅਰ ਅਸਿਸਟੈਂਟ ਵਜੋਂ ਕੰਮ ਕਰਕੇ ਗੁਜ਼ਾਰਾ ਕਰ ਰਹੇ ਹਨ, ਕਿਉਂਕਿ ਨਿਊਜ਼ੀਲੈਂਡ ਦੀ ਮੈਡੀਕਲ ਕੌਂਸਲ ਉਨ੍ਹਾਂ ਦੀ ਯੋਗਤਾ ਨੂੰ ਰਜਿਸਟਰੇਸ਼ਨ ਵਾਸਤੇ ਮਾਣਤਾ ਨਹੀਂ ਦੇ ਰਿਹਾ। ਇੰਗਲਿਸ਼ ਟੈਸਟ ਵੀ ਸਖ਼ਤ ਹੈ ਅਤੇ ਇੱਕ ਵਾਰ ਦੇਣ ਲਈ 5 ਹਜ਼ਾਰ ਡਾਲਰ ਖ਼ਰਚ ਹੋ ਜਾਂਦੇ ਹਨ।

ਇੱਕ ਰਿਪੋਰਟ ਅਨੁਸਾਰ ਮੈਡੀਕਲ ਕੌਂਸਲ ਦਾ ਅੰਕੜਾ ਦੱਸਦਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਸਿਰਫ਼ 28 ਡਾਕਟਰ ਕਲੀਨੀਕਲ ਟੈਸਟ `ਚੋਂ ਪਾਸ ਹੋਏ ਸਨ ਪਰ ਉਹ ਵੀ ਬਤੌਰ ਡਾਕਟਰ ਵਜੋਂ ਰਜਿਸਟਰੇਸ਼ਨ ਕਰਾਉਣ ਲਈ ਜੌਬ ਨਹੀਂ ਲੱਭ ਸਕੇ। ਹਾਲਾਂਕਿ ਨੈਸ਼ਨਲ ਦੇ ਹੈੱਲਥ ਸਪੋਕਸਪਰਸਨ ਡਾ ਸ਼ੇਨ ਰੇਟੀ ਦਾ ਕਹਿਣਾ ਹੈ ਕਿ ਕਈ ਇੰਟਰਨੈਸ਼ਨਲ ਮੈਡੀਕਲ ਗਰੈਜੂਏਟਸ ਨੇ ਨਿਊਜ਼ੀਲੈਂਡ ਦਾ ਟੈਸਟ ਪਾਸ ਕਰ ਲਿਆ ਸੀ ਪਰ ਪੋਸਟ ਗਰੈਜੂਏਟ ਦੇ ਯੀਅਰ 1 ਅਤੇ ਯੀਅਰ 2 `ਚ ਪੁਜੀਸ਼ਨ ਹਾਸਲ ਨਹੀਂ ਕਰ ਸਕੇ, ਜਿਸਦੇ ਅਧਾਰ `ਤੇ ਰਜਿਸਟਰੇਸ਼ਨ ਹੁੰਦੀ ਹੈ।

ਇਨ੍ਹਾਂ ਡਾਕਟਰਾਂ `ਚ ਇੱਕ ਪੁਨੀਤ ਕੌਰ ਵੀ ਹੈ, ਜੋ ਹੈੱਲਥ ਕੇਅਰ ਅਸਿਸਟੈਂਟ ਵਜੋਂ ਜੌਬ ਕਰਨ ਲਈ ਮਜਬੂਰ ਹੈ, ਹਾਲਾਂਕਿ ਉਹ ਇੰਡੀਆ `ਚ 12 ਸਾਲ ਡਾਕਟਰੀ ਦੀ ਪ੍ਰੈਕਟਿਸ ਕਰ ਚੁੱਕੀ ਹੈ। ਉਹ ਸਾਲ 2020 ਵਿੱਚ ਵਾਪਸ ਬ੍ਰਿਟਸ਼ ਜਾਣਾ ਚਾਹੁੰਦੀ ਸੀ, ਜਿੱਥੋਂ ਉਸਨੂੰ ਅਨੇਸਥੀਸਿਸਟ ਦੀ ਜੌਬ ਔਫਰ ਆਈ ਸੀ,ਕਿਉਂਕਿ ਉਹ ਉੱਥੇ ਪਹਿਲਾਂ ਵੀ ਕੰਮ ਕਰ ਚੁੱਕੀ ਹੈ। ਪਰ ਪਰਿਵਾਰਕ ਕਾਰਨਾਂ ਕਰਕੇ ਉਸਨੂੰ ਨਿਊਜ਼ੀਲੈਂਡ ਆਉਣਾ ਪਿਆ ਪਰ ਡਾਕਟਰੀ ਪ੍ਰੈਕਟਿਸ ਵਾਸਤੇ ਅਜੇ ਤੱਕ ਰਜਿਸਟਡ ਨਹੀਂ ਹੋ ਸਕੀ। ਉਹ ਇੰਗਲਿਸ਼ ਟੈਸਟ ਵੀ ਤਿੰਨ ਵਾਰ ਦੇ ਚੁੱਕੀ ਹੈ ਪਰ ਅਜੇ ਤੱਕ ਗੱਲ ਨਹੀਂ ਬਣੀ। ਮਾਰਚ ਮਹੀਨੇ 26 ਡਾਕਟਰਾਂ ਨੇ ਇੰਗਲਿਸ਼ ਟੈਸਟ ਦਿੱਤਾ ਸੀ ਪਰ 16 ਹੀ ਪਾਸ ਹੋ ਸਕੇ ਤੇ ਉਸਦਾ ਨਾਮ ਲਿਸਟ ਵਿੱਚ ਨਹੀਂ ਸੀ। ਪਰ ਪੁਨੀਤ ਕੌਰ ਅਜੇ ਵੀ ਆਪਣੇ ਪ੍ਰੋਫ਼ੈਸ਼ਨ ਵਿੱਚ ਜਾਣ ਲਈ ਦ੍ਰਿੜ ਹੈ ਕਿਉਂਕਿ ਉਸਨੇ ਪਹਿਲਾਂ ਕਈ ਸਾਲ ਡਾਕਟਰੀ ਦੀ ਪੜ੍ਹਾਈ ਦੇ ਲੇਖੇ ਲਾਏ ਹਨ।

Leave a Comment