ਮੈਲਬਰਨ : 19 ਸਾਲ ਪਹਿਲਾਂ ਆਸਟ੍ਰੇਲੀਆ ਆਉਣ ਤੋਂ ਬਾਅਦ ਅਮਰਿੰਦਰ ਸਿੰਘ ਬਾਜਵਾ ਨੇ ਮੈਲਬਰਨ ਵਿੱਚ ਟਰਾਂਸਪੋਰਟ ਵਿੱਚ ਆਪਣਾ ਕੈਰੀਅਰ ਬਣਾਇਆ। ਪਰ ਚਾਰ ਸਾਲ ਪਹਿਲਾਂ, ਉਸ ਨੇ ਵਿਕਟੋਰੀਆ ਦੀ ਗੌਲਬਰਨ ਵੈਲੀ ਵਿੱਚ ਇੱਕ ਕਿਸਾਨ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਸਭ ਕੁਝ ਪਿੱਛੇ ਛੱਡ ਦਿੱਤਾ। Shepparton ’ਚ ਵਸੇ ਬਾਜਵਾ ਦਾ ਕਹਿਣਾ ਹੈ, ‘‘ਮੈਨੂੰ Shepparton ਬਾਰੇ ਕੋਈ ਜਾਣਕਾਰੀ ਨਹੀਂ ਸੀ, ਪਰ ਮੈਂ ਆਪਣੇ ਇੱਕ ਦੋਸਤ ਨੂੰ ਮਿਲਣ ਆਇਆ ਸੀ ਜਿਸ ਨੇ ਹਾਲ ਹੀ ਵਿੱਚ ਇੱਥੇ ਇੱਕ ਫਾਰਮ ਖਰੀਦਿਆ ਸੀ। ਮੈਨੂੰ ਇੱਥੋਂ ਦਾ ਮੌਸਮ ਅਤੇ ਹਰਿਆਵਲ ਸੱਚਮੁੱਚ ਪਸੰਦ ਆਈ। ਇਹ ਮੇਰੇ ਪੰਜਾਬ ਨਾਲ ਮਿਲਦਾ-ਜੁਲਦਾ ਹੈ।’’
ABC ਦੀ ਇੱਕ ਵਿਸ਼ੇਸ਼ ਰਿਪੋਰਟ ਅਨੁਸਾਰ ਬਾਜਵਾ ਨੇ ਆਪਣੇ ਭਰਾ ਨਾਲ Shepparton East ‘ਚ ਫਲਾਂ ਦਾ ਬਾਗ ਖ਼ਰੀਦ ਕੇ ਕਿਰਸਾਨੀ ਸ਼ੁਰੂ ਕਰ ਦਿੱਤੀ। ਬਾਜਵਾ ਦਾ ਕਹਿਣਾ ਹੈ, ‘‘ਇੱਥੇ ਮੈਂ ਲੋਕਾਂ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹਾਂ – ਖੇਤੀ ਭਾਈਚਾਰਿਆਂ ਨੂੰ ਇਕੱਠੇ ਲਿਆਉਂਦੀ ਹੈ, ਜਦੋਂ ਕਿ ਮਹਾਨਗਰਾਂ ਵਿੱਚ ਤੁਸੀਂ ਆਪਣੇ ਗੁਆਂਢੀਆਂ ਤਕ ਨੂੰ ਨਹੀਂ ਜਾਣਦੇ। ਭਾਈਚਾਰੇ ਤੋਂ ਸਾਨੂੰ ਜੋ ਸਮਰਥਨ ਮਿਲਿਆ ਹੈ ਉਹ ਮੇਰੀਆਂ ਉਮੀਦਾਂ ਤੋਂ ਪਰੇ ਹੈ।’’
ਹਾਲਾਂਕਿ ਸ਼ੁਰੂਆਤ ’ਚ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਗੜੇਮਾਰੀ ਕਾਰਨ ਆਪਣੀ ਫਸਲ ਦਾ ਲਗਭਗ 70 ਪ੍ਰਤੀਸ਼ਤ ਗੁਆ ਦਿੱਤਾ, ਫਿਰ ਬਾਗ ਵਿੱਚ 2022 ਵਿੱਚ ਹੜ੍ਹ ਆ ਗਿਆ ਸੀ ਅਤੇ ਹੁਣ ਸਟੇਟ ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਇਸ ਸਭ ਦੇ ਬਾਵਜੂਦ ਬਾਜਵਾ ਨੂੰ ਇਹ ਕਦਮ ਚੁੱਕਣ ਦਾ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਕਿਹਾ, ‘‘ਮੈਨੂੰ ਸਿਰਫ ਇਸ ਗੱਲ ਦਾ ਅਫਸੋਸ ਹੈ ਕਿ ਮੈਂ ਇਹ ਫੈਸਲਾ ਬਹੁਤ ਦੇਰ ਨਾਲ ਲਿਆ- ਮੈਂ ਇਹ 10 ਸਾਲ ਪਹਿਲਾਂ ਕਰ ਸਕਦਾ ਸੀ।’’ ਇਹ ਬਾਵਜਾ ਦਾ ਅਟੁੱਟ ਆਸ਼ਾਵਾਦ ਹੀ ਹੈ ਜੋ ਉਨ੍ਹਾਂ ਨੂੰ ਹਰ ਰੋਜ਼ ਬਾਗ ਵਿੱਚ ਲੈ ਆਉਂਦਾ ਹੈ।
ਦਰਅਸਲ ਆਸਟ੍ਰੇਲੀਆ ’ਚ ਜ਼ਿਆਦਾਤਰ ਸੇਲ ਅਤੇ ਨਾਸ਼ਪਤੀਆਂ ਉਗਾਉਣ ਵਾਲਿਆਂ ਨੂੰ ਪਿਛਲੇ ਚਾਰ ਸਾਲਾਂ ’ਚ ਵਧਦੀਆਂ ਲਾਗਤਾਂ ਅਤੇ ਘਰੇਲੂ ਖਪਤ ਘਟਣ ਕਾਰਨ ਕੋਈ ਆਮਦਨ ਨਹੀਂ ਹੋਈ ਹੈ। ਸੂਪਰਮਾਰਕੀਟਾਂ ਵੀ ਕਿਸਾਨਾਂ ਦੀ ਮਦਦ ਨਹੀਂ ਕਰ ਰਹੀਆਂ, ਜਿਸ ਕਾਰਨ ਉਦਯੋਗ ਚੌਰਾਹੇ ’ਤੇ ਖੜ੍ਹਾ ਹੈ।
ਇਸ ਸਭ ਵਿਚਕਾਰ ਬਾਜਵਾ ਨੇ ਕਿਹਾ, ‘‘ਹਰ ਚੀਜ਼ ਦੇ ਆਪਣੇ ਫਾਇਦੇ ਅਤੇ ਨੁਕਸਾਨ ਹੁੰਦੇ ਹਨ ਪਰ ਜੇਕਰ ਤੁਸੀਂ ਸਕਾਰਾਤਮਕ ਪੱਖ ਨੂੰ ਦੇਖੋ ਤਾਂ ਇਹ ਤੁਹਾਨੂੰ ਚੰਗੇ ਕੰਮ ਕਰਨ ਲਈ ਵਧੇਰੇ ਊਰਜਾ ਦੇਵੇਗਾ।’’
ਨੁਕਸਾਨ ਦੀ ਭਰਪਾਈ ਲਈ ਬਾਵਜਾ ਨੇ ਆਪਣੀਆਂ ਫਸਲਾਂ ਵਿੱਚ ਵੰਨ-ਸੁਵੰਨਤਾ ਲਿਆਂਦੀ ਤਾਂ ਜੋ ਉਨ੍ਹਾਂ ਨੂੰ ਸਾਲਾਨਾ ਫਸਲ ਦੀ ਆਮਦਨ ’ਤੇ ਨਿਰਭਰ ਨਾ ਕਰਨਾ ਪਵੇ। ਉਨ੍ਹਾਂ ਨੇ ਸਾਲ ਭਰ ਬ੍ਰੋਕੋਲਿਨੀ ਉਗਾਉਣਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਇਹ ਤੀਜਾ ਸਾਲ ਹੈ ਅਤੇ ਜਿਸ ਤਰ੍ਹਾਂ ਚੀਜ਼ਾਂ ਸਾਹਮਣੇ ਆ ਰਹੀਆਂ ਹਨ, ਉਸ ਤੋਂ ਅਸੀਂ ਬਹੁਤ ਖੁਸ਼ ਹਾਂ। ਉਹ ਹੋਰ ਸੇਬ ਅਤੇ ਖੁਰਮਾਨੀਆਂ ਲਗਾਉਣ ਦੀ ਵੀ ਯੋਜਨਾ ਬਣਾ ਰਹੇ ਹੈ। ਬਾਜਵਾ ਨੇ ਕਿਹਾ, ‘‘ਅਸੀਂ ਪੁਰਾਣੀਆਂ ਕਿਸਮਾਂ ਨੂੰ ਬਾਹਰ ਕੱਢਣ ਅਤੇ ਉਨ੍ਹਾਂ ਦੀ ਥਾਂ ਨਵੀਆਂ ਕਿਸਮਾਂ ਲਿਆਉਣ ਦੀ ਪ੍ਰਕਿਰਿਆ ਵਿੱਚ ਹਾਂ। ਉਹ ਬਿਹਤਰ ਦਿਖਣ ਵਾਲੇ, ਖਾਣ ’ਚ ਵੱਧ ਸੁਆਦ ਅਤੇ ਬਿਹਤਰ ਪੈਦਾਵਾਰ ਵਾਲੀਆਂ ਹਨ।’’
ਬਾਜਵਾ ਦਾ ਸੰਦੇਸ਼ ਹੈ ਕਿ ਕਾਰੋਬਾਰ ਸਿਰਫ ਪੈਸੇ ਬਾਰੇ ਨਹੀਂ ਹੈ – ਹੋਰ ਕਾਰੋਬਾਰ ਹਨ ਜੋ ਇਸ ਤੋਂ ਵੱਧ ਪੈਸਾ ਕਮਾਉਂਦੇ ਹਨ, ਪਰ ਇਹ ਸਭ ਜੀਵਨਸ਼ੈਲੀ ਸੰਤੁਲਨ ਬਾਰੇ ਹੈ।