ਮੰਦੀ ਵਲ ਵਧ ਰਹੀ ਹੈ ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ! ਜਾਣੋ ਕੀ ਕਹਿੰਦੇ ਨੇ ਨਵੰਬਰ ਮਹੀਨੇ ਦੇ ਅੱਜ ਜਾਰੀ ਅੰਕੜੇ

ਮੈਲਬਰਨ : ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ ’ਚ ਮੰਦੀ ਦੇ ਸੰਕੇਤ ਦਿਖ ਰਹੇ ਹਨ, ਪ੍ਰਮੁੱਖ ਸ਼ਹਿਰਾਂ ਅੰਦਰ ਮਕਾਨਾਂ ਦੀਆਂ ਕੀਮਤਾਂ ਵਿੱਚ ਵਾਧਾ ਹੌਲੀ ਹੋ ਰਿਹਾ ਹੈ। ਇਸ ਮਹੀਨੇ ਆਸਟ੍ਰੇਲੀਆ ’ਚ ਕੁੱਲ ਮਿਲਾ ਕੇ ਘਰਾਂ ਦੀਆਂ ਕੀਮਤਾਂ ’ਚ ਲਗਾਤਾਰ 22ਵੇਂ ਮਹੀਨੇ ਵਾਧਾ ਦਰਜ ਕੀਤਾ ਗਿਆ, ਪਰ ਇਹ ਜਨਵਰੀ 2023 ਤੋਂ ਬਾਅਦ ਸਭ ਤੋਂ ਕਮਜ਼ੋਰ ਵਾਧਾ ਰਿਹਾ। ਮਾਹਰਾਂ ਅਨੁਸਾਰ ਇਹ ਵਾਧਾ ਆਖ਼ਰੀ ਹੋ ਸਕਦਾ ਹੈ, ਅਤੇ ਇਸ ਤੋਂ ਬਾਅਦ ਔਸਤ ਕੀਮਤਾਂ ’ਚ ਕਮੀ ਆ ਸਕਦੀ ਹੈ।

CoreLogic ਦੇ ਨੈਸ਼ਨਲ ਹੋਮ ਵੈਲਿਊ ਇੰਡੈਕਸ ਮੁਤਾਬਕ ਨਵੰਬਰ ’ਚ ਮਕਾਨਾਂ ਦੀਆਂ ਕੀਮਤਾਂ ’ਚ ਸਿਰਫ 0.1 ਫੀਸਦੀ ਦਾ ਵਾਧਾ ਹੋਇਆ ਹੈ, ਜੋ ਜਨਵਰੀ 2023 ਤੋਂ ਬਾਅਦ ਦਾ ਸਭ ਤੋਂ ਕਮਜ਼ੋਰ ਰਾਸ਼ਟਰੀ ਵਾਧਾ ਹੈ। ਮੈਲਬਰਨ ਅਤੇ ਸਿਡਨੀ ’ਚ ਖਾਸ ਤੌਰ ’ਤੇ ਮਕਾਨਾਂ ਦੀਆਂ ਕੀਮਤਾਂ ’ਚ ਗਿਰਾਵਟ ਵੇਖੀ ਜਾ ਰਹੀ ਹੈ। ਮੈਲਬਰਨ ਵਿੱਚ ਨਵੰਬਰ ਵਿੱਚ 0.4٪ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਸਿਡਨੀ ਦੇ ਮੁੱਲਾਂ ਵਿੱਚ 0.2٪ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਮਹੀਨੇ ਪੂਰੇ ਦੇਸ਼ ਅੰਦਰ ਮਕਾਨ ਦੀ ਔਸਤ ਕੀਮਤ 812,933 ਡਾਲਰ ਰਹੀ। ਸਿਡਨੀ ’ਚ ਇਹ 1,196,809 ਡਾਲਰ ਅਤੇ ਮੈਲਬਰਨ ’ਚ 776,949 ਡਾਲਰ ਸੀ। ਜਦਕਿ ਬ੍ਰਿਸਬੇਨ ’ਚ ਔਸਤ ਮਕਾਨ ਦੀ ਕੀਮਤ 886,540 ਡਾਲਰ ਅਤੇ ਐਡੀਲੇਡ ’ਚ 813,716 ਡਾਲਰ ਰਹੀ।

ਕੀਮਤਾਂ ਵਿੱਚ ਗਿਰਾਵਟ ਸਿਰਫ ਮੈਲਬਰਨ ਅਤੇ ਸਿਡਨੀ ਤੱਕ ਸੀਮਤ ਨਹੀਂ ਹੈ, ਅੱਠ ਕੈਪੀਟਲ ਸਿਟੀਜ਼ ਵਿੱਚੋਂ ਚਾਰ ਨੇ ਪਿਛਲੀ ਤਿਮਾਹੀ ਦੌਰਾਨ ਮੁੱਲਾਂ ਵਿੱਚ ਗਿਰਾਵਟ ਦਰਜ ਕੀਤੀ ਹੈ। ਹਾਲਾਂਕਿ ਪਰਥ ਅਤੇ ਬ੍ਰਿਸਬੇਨ ਅਜੇ ਵੀ ਕੀਮਤਾਂ ਵਿੱਚ ਵਾਧੇ ਦਾ ਅਨੁਭਵ ਕਰ ਰਹੇ ਹਨ, ਪਰ ਹੌਲੀ ਰਫਤਾਰ ਨਾਲ।