ਲੱਗ ਗਿਆ ਪਤਾ ਕਿਸ ਚੀਜ਼ ਨਾਲ ਬਣੀਆਂ ਸਨ ਸਿਡਨੀ ਦੇ ਕਈ ਬੀਚਾਂ ਨੂੰ ਬੰਦ ਕਰਨ ਵਾਲੀਆਂ ਗੇਂਦਾਂ, ਸਰੋਤ ਅਜੇ ਵੀ ਬੇਪਛਾਣ

ਮੈਲਬਰਨ : ਪਿਛਲੇ ਦਿਨੀਂ ਸਿਡਨੀ ਦੇ ਸਮੁੰਦਰੀ ਤੱਟਾਂ ’ਤੇ ਵਹਿਣ ਵਾਲੀਆਂ ਰਹੱਸਮਈ ਗੇਂਦਾਂ, ਜਿਨ੍ਹਾਂ ਵਿੱਚ Coogee, Bondi, ਅਤੇ Bronte ਸ਼ਾਮਲ ਹਨ, ਦੀ ਪਛਾਣ ਮਨੁੱਖ ਵੱਲੋਂ ਬਣਾਏ ਗਏ ਕੂੜੇ ਦੇ ਰੂਪ ਵਿੱਚ ਕੀਤੀ ਗਈ ਹੈ, ਜੋ ਬੇਹੱਦ ਬਦਬੂਦਾਰ ਹਨ। ਪਹਿਲਾਂ ਇਨ੍ਹਾਂ ਦੇ ਸਮੁੰਦਰ ’ਚ ਡੁੱਲ੍ਹੇ ਤੇਲ ਤੋਂ ਬਣੇ ਹੋਣ ਦੇ ਕਿਆਸੇ ਲਗਾਏ ਜਾ ਰਹੇ ਸਨ। UNSW ਦੇ ਵਿਗਿਆਨੀਆਂ ਨੇ ਚਿਪਚਿਪੀਆਂ ਕਾਲੀਆਂ ਗੇਂਦਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਇਹ ਮਨੁੱਖ ਵਲੋਂ ਬਣਾਏ ਪਦਾਰਥਾਂ ਦੇ ਇੱਕ ਗੁੰਝਲਦਾਰ ਮਿਸ਼ਰਣ ਦੀਆਂ ਬਣੀਆਂ ਹੋਈਆਂ ਹਨ, ਜਿਸ ਵਿੱਚ ਸ਼ਾਮਲ ਹਨ:

  • ਖਾਣਾ ਪਕਾਉਣ ਦਾ ਤੇਲ ਅਤੇ ਸਾਬਣ ਦੀ ਗੰਦਗੀ
  • PFAS ਰਸਾਇਣ
  • ਸਟੀਰੌਇਡ ਮਿਸ਼ਰਣ
  • ਐਂਟੀਹਾਈਪਰਟੈਂਸਿਵ ਦਵਾਈਆਂ
  • ਕੀਟਨਾਸ਼ਕ
  • ਵੈਟਰਨਰੀ ਦਵਾਈਆਂ
  • ਮਨੁੱਖੀ ਮਲ ਦੀ ਰਹਿੰਦ-ਖੂੰਹਦ
  • ਨਸ਼ਲੀਆਂ ਦਵਾਈਆਂ (THS ਅਤੇ ਮੈਥਾਮਫੇਟਾਮਾਈਨ)

ਮੁੱਢਲੇ ਭਾਗ ਚਰਬੀ, ਤੇਲ, ਕੈਲਸ਼ੀਅਮ ਅਤੇ ਧਾਤਾਂ ਹਨ, ਜੋ ਆਮ ਤੌਰ ’ਤੇ ਸੀਵਰੇਜ ਪ੍ਰਣਾਲੀਆਂ ਵਿੱਚ ਪਾਏ ਜਾਣ ਵਾਲੇ FOG (ਚਰਬੀ, ਤੇਲ ਅਤੇ ਗ੍ਰੀਸ) ਜਮ੍ਹਾਂ ਵਰਗੇ ਹੁੰਦੇ ਹਨ।
ਰਚਨਾ ਦੀ ਪਛਾਣ ਕਰਨ ਦੇ ਬਾਵਜੂਦ, ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ ਕਿ ਇਹ ਗੇਂਦਾਂ ਆਈਆਂ ਕਿੱਥੋਂ? ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਕੂੜੇ ਦੇ ਸਰੋਤ ਦਾ ਪਤਾ ਲਗਾਏ ਬਿਨਾਂ, ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਇਹ ਨਤੀਜੇ Randwick ਸਿਟੀ ਕੌਂਸਲ ਦੇ ਸ਼ੁਰੂਆਤੀ ਟੈਸਟਾਂ ਦੇ ਉਲਟ ਹਨ, ਜਿਸ ਨੇ ਗੇਂਦਾਂ ਦੀ ਪਛਾਣ ਸਮੁੰਦਰੀ ਤੇਲ ਦੇ ਰਿਸਾਅ ਤੋਂ ਟਾਰ ਗੇਂਦਾਂ ਵਜੋਂ ਕੀਤੀ ਸੀ। ਵਾਤਾਵਰਣ ਸੁਰੱਖਿਆ ਅਥਾਰਟੀ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਸੁਤੰਤਰ ਟੈਸਟ ਕਰ ਰਹੀ ਹੈ।