ਮੈਲਬਰਨ: ਵਿਕਟੋਰੀਆ ’ਚ ਅਪਰਾਧ ਦਰ 2016 ਤੋਂ ਬਾਅਦ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। 2025 ਵਿੱਚ 8,885.5 ਅਪਰਾਧ ਪ੍ਰਤੀ 100,000 ਲੋਕ ਦਰਜ ਕੀਤੇ ਗਏ, ਜੋ 2024 ਨਾਲੋਂ 2.4% ਵੱਧ ਹਨ। ਕੁੱਲ 6,30,592 ਮਾਮਲੇ ਦਰਜ ਹੋਏ, ਜਿਸ ਵਿੱਚੋਂ ਇੱਕ-ਤਿਹਾਈ ਚੋਰੀਆਂ ਸਨ।
ਪਿਛਲੇ ਸਾਲ ਲਈ ਜਾਰੀ ਪੁਲਿਸ ਦੇ ਅੰਕੜਿਆਂ ਮੁਤਾਬਕ, ਕਾਰ ਚੋਰੀਆਂ ਵਿੱਚ 2022 ਤੋਂ 2025 ਤੱਕ 96.9% ਵਾਧਾ ਹੋਇਆ। ਕਾਰ ਚੋਰੀ ਦੀਆਂ ਵਾਰਦਾਤਾਂ ਤਿੰਨ ਸਾਲਾਂ ’ਚ ਦੁੱਗਣੀਆਂ ਹੋ ਗਈਆਂ ਹਨ। ਪਿਛਲੇ ਸਾਲ 32,000 ਤੋਂ ਵੱਧ ਕਾਰਾਂ ਚੋਰੀ ਹੋਈਆਂ, ਜੋ 2001 ਤੋਂ ਬਾਅਦ ਸਭ ਤੋਂ ਵੱਧ ਹਨ। 57.6% ਕਾਰ ਚੋਰੀ ਦੇ ਅਪਰਾਧ ਨਾਬਾਲਗਾਂ ਨੇ ਕੀਤੇ। ਘਰਾਂ ’ਚ ਸੰਨ੍ਹ ਲਾਉਣ ਦੇ 52.6% ਅਪਰਾਧੀ ਵੀ ਨਾਬਾਲਗ ਰਹੇ। ਵਾਰ-ਵਾਰ ਦੇ ਬਾਲ ਅਪਰਾਧ ਵੀ ਨਹੀਂ ਰੁਕੇ। ਪੁਲਿਸ ਨੇ 1223 ਬੱਚਿਆਂ ਨੂੰ ਕੁੱਲ 6997 ਵਾਰੀ ਗ੍ਰਿਫ਼ਤਾਰ ਕੀਤਾ।
ਪਰ ਅਪਰਾਧਾਂ ’ਚ ਵਾਧੇ ਨੂੰ ਕਾਫ਼ੀ ਹੱਦ ਤਕ ਠੱਲ੍ਹ ਪਈ ਲਗਦੀ ਹੈ, ਕਿਉਂਕਿ 2022 ਤੋਂ 2025 ਤਕ 19% ਮੁਕਾਬਲੇ 2024 ਤੋਂ 2025 ਵਿਚਕਾਰ ਅਪਰਾਧ ਸਿਰਫ਼ 2.4% ਵਧੇ। ਡਿਪਟੀ ਕਮਿਸ਼ਨਰ Bob Hill ਨੇ ਕਿਹਾ ਕਿ ਹਾਲਾਂਕਿ ਅਪਰਾਧ ਦਰ ਕੁਝ ਹੱਦ ਤੱਕ ਸਥਿਰ ਹੋ ਰਹੀ ਹੈ, ਪਰ ਰਹਿਣ-ਸਹਿਣ ਦੀਆਂ ਮੁਸ਼ਕਲਾਂ ਅਤੇ ਦੁਬਾਰਾ ਅਪਰਾਧ ਕਰਨ ਵਾਲੇ ਲੋਕਾਂ ਕਾਰਨ ਵੱਡੀ ਕਮੀ ਜਲਦੀ ਸੰਭਵ ਨਹੀਂ। ਵਿਕਟੋਰੀਆ ਦੇ ਪੁਲਿਸ ਮੰਤਰੀ Anthony Carbines ਨੇ ਕਿਹਾ ਕਿ ਨਵੇਂ ਕਾਨੂੰਨੀ ਸੁਧਾਰਾਂ, ਖ਼ਾਸ ਕਰਕੇ ਨੌਜਵਾਨ ਅਪਰਾਧੀਆਂ ’ਤੇ ਸਖ਼ਤੀ, ਅਪਰਾਧ ਦਰ ਨੂੰ ਰੋਕਣ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ।





