Shepparton ’ਚ ਪੰਜਾਬੀ ਡਰਾਈਵਰ ਨਾਲ ਕੁੱਟਮਾਰ ਦਾ ਸ਼ਿਕਾਰ, ਕਾਰ ਵੀ ਕੀਤੀ ਚੋਰੀ

Sea7 Australia Team
2 Min Read

ਮੈਲਬਰਨ : ਵਿਕਟੋਰੀਆ ਦੇ Shepparton ਸ਼ਹਿਰ ’ਚ 6 ਜੂਨ ਨੂੰ ਪੰਜਾਬੀ ਡਰਾਈਵਰ ਨਾਲ ਕਥਿਤ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ’ਚ ਦੋ ਨਾਬਾਲਗਾਂ ’ਤੇ ਕਾਰ ਕਾਰਜੈਕਿੰਗ ਦੇ ਚਾਰਜ ਲਗਾਏ ਹਨ।

ਪੀੜਤ ਜਸਪਾਲ ਸਿੰਘ ਨੇ Shepparton ਤੋਂ ਇੱਕ ਕੁੜੀ ਅਤੇ ਇੱਕ ਮੁੰਡੇ ਨੂੰ ਆਪਣੀ ਟੈਕਸੀ ’ਚ ਬਿਠਾਇਆ ਸੀ। ਜਦੋਂ ਉਹ Mooroopna ’ਚ ਆਪਣੀ ਮੰਜ਼ਿਲ ’ਤੇ ਪਹੁੰਚੇ ਤਾਂ ਦੋਹਾਂ ਨੇ ਜਸਪਾਲ ਸਿੰਘ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ। ਮੁੰਡਾ, ਜੋ ਕਾਰ ਦੀ ਪਿਛਲੀ ਸੀਟ ’ਤੇ ਬੈਠਾ ਸੀ, ਉਸ ਨੇ ਜਸਪਾਲ ਸਿੰਘ ਦਾ ਗਲਾ ਫੜ ਲਿਆ ਅਤੇ ਅਗਲੀ ਸੀਟ ’ਤੇ ਬੈਠੀ ਕੁੜੀ ਨੇ ਉਸ ਦੀਆਂ ਜੇਬ੍ਹਾਂ ਤਲਾਸ਼ਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਦੇ ਬਾਵਜੂਦ ਜਸਪਾਲ ਸਿੰਘ ਕਿਸੇ ਤਰ੍ਹਾਂ ਗੱਡੀ ਤੋਂ ਉਤਰਨ ’ਚ ਕਾਮਯਾਬ ਰਿਹਾ ਅਤੇ ਭੱਜ ਕੇ ਆਪਣੀ ਜਾਨ ਬਚਾਈ। ਹਮਲਾਵਰਾਂ ਨੇ ਉਸ ਨੂੰ ਉਸ ਦੀ ਹੀ ਕਾਰ ਹੇਠ ਕੁਚਲਣ ਦੀ ਵੀ ਕੋਸ਼ਿਸ਼ ਕੀਤੀ।

ਸਥਾਨਕ ਪੰਜਾਬੀ ਭਾਈਚਾਰੇ ਨੇ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਜਸਪਾਲ ਸਿੰਘ ਦੇ ਘਰ ’ਚ ਜਾ ਕੇ ਉਸ ਦਾ ਹਾਲ-ਚਾਲ ਪੁੱਛਿਆ, ਜਿਸ ਨੂੰ ਜ਼ਖ਼ਮਾਂ ਕਾਰਨ ਸਖ਼ਤ ਦਰਦ ਹੋ ਰਿਹਾ ਹੈ। ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਨੇ ਦੋਹਾਂ ਮੁਲਜ਼ਮਾਂ ਵਿਰੁਧ ਕਾਰਜੈਕਿੰਗ ਦੇ ਚਾਰਜ ਲਗਾਏ ਹਨ ਅਤੇ ਦਸਿਆ ਹੈ ਕਿ ਇਹ ਪਹਿਲਾਂ ਹੀ ਇੱਕ ਹੋਰ ਟੈਕਸੀ ਡਰਾਈਵਰ ਦੀ ਕੁੱਟਮਾਰ ਕਰ ਚੁੱਕੇ ਹਨ। ਪੁਲਿਸ ਨੇ ਜਸਪਾਲ ਸਿੰਘ ਦੀ ਕਾਰ ਨੂੰ ਬਰਾਮਦ ਕਰ ਲਿਆ ਹੈ।

(ਜਾਣਕਾਰੀ : ਕਮਲ ਢਿੱਲੋਂ, ਕਮਿਊਨਿਟੀ ਲੀਡਰ Shepparton)

Share This Article