ਕੁਈਨਜ਼ਲੈਂਡ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ e-bikes ਚਲਾਉਣ ’ਤੇ ਹੋਵੇਗੀ ਪਾਬੰਦੀ

ਬ੍ਰਿਸਬੇਨ : ਕੁਇਨਜ਼ਲੈਂਡ ਸਰਕਾਰ ਨੇ e-bikes ਅਤੇ e-scooters ਲਈ ਵੱਡੇ ਸੁਰੱਖਿਆ ਸੁਧਾਰਾਂ ਦਾ ਐਲਾਨ ਕੀਤਾ ਹੈ। ਅਗਲੇ ਹਫ਼ਤੇ ਪੇਸ਼ ਕੀਤੇ ਜਾ ਰਹੇ ਨਵੇਂ ਕਾਨੂੰਨਾਂ ਅਨੁਸਾਰ, 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ e-mobility ਡਿਵਾਈਸ ਚਲਾਉਣ ’ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ, ਹਰ ਸਵਾਰ ਲਈ ਘੱਟੋ-ਘੱਟ ਲਰਨਰ ਲਾਇਸੈਂਸ ਲਾਜ਼ਮੀ ਹੋਵੇਗਾ ਤਾਂ ਜੋ ਉਹ ਟ੍ਰੈਫਿਕ ਨਿਯਮਾਂ ਦੀ ਸਮਝ ਰੱਖਣ। 25 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਗਤੀ ਵਾਲੇ ਡਿਵਾਇਸ ਨੂੰ ਮੋਟਰਸਾਈਕਲ ਜਾਂ ਮੋਪੇਡ ਮੰਨਿਆ ਜਾਵੇਗਾ, ਜਿਸ ਲਈ ਰਜਿਸਟ੍ਰੇਸ਼ਨ ਅਤੇ ਇਨਸ਼ੋਰੈਂਸ ਲੋੜੀਂਦੀ ਹੋਵੇਗੀ।

ਪੈਦਲ ਯਾਤਰੀਆਂ ਦੀ ਸੁਰੱਖਿਆ ਲਈ ਫੁੱਟਪਾਥਾਂ ’ਤੇ ਰਫ਼ਤਾਰ ਦੀ ਹੱਦ 10 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ। ਪੁਲਿਸ ਨੂੰ ਨਵੇਂ ਅਧਿਕਾਰ ਮਿਲਣਗੇ, ਜਿਵੇਂ ਕਿ ਰੈਂਡਮ ਬੀਰਦ ਟੈਸਟ, ਗੈਰਕਾਨੂੰਨੀ ਡਿਵਾਇਸ ਦੀ ਜ਼ਬਤੀ ਅਤੇ ਨਸ਼ਟ ਕਰਨ ਦੀ ਤਾਕਤ। ਜੇਕਰ 16 ਸਾਲ ਤੋਂ ਘੱਟ ਬੱਚੇ ਨਿਯਮ ਤੋੜਦੇ ਹਨ, ਤਾਂ ਮਾਪਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।

ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋਣਗੇ। ਵਿਸ਼ੇਸ਼ ਛੋਟ ਈ-ਵ੍ਹੀਲਚੇਅਰ ਵਰਤੋਂਕਾਰਾਂ ਲਈ ਰਹੇਗੀ ਪਰ ਜੋ ਲੋਕ “ਮੈਡੀਕਲੀ ਫਿਟ ਟੂ ਡਰਾਈਵ” ਨਹੀਂ ਹਨ, ਉਨ੍ਹਾਂ ਨੂੰ ਵੀ ਈ-ਬਾਈਕ ਅਤੇ ਈ-ਸਕੂਟਰ ਚਲਾਉਣ ਤੋਂ ਰੋਕਿਆ ਜਾਵੇਗਾ। ਟਰਾਂਸਪੋਰਟ ਮੰਤਰੀ Brent Mickelberg ਨੇ ਕਿਹਾ ਕਿ ਸੜਕ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ।