ਪੈਟਰੋਲ-ਡੀਜ਼ਲ ਦੀ ਕਿੱਲਤ ਦੇ ਡਰ ਕਾਰਨ ਆਸਟ੍ਰੇਲੀਆ ਦੇ ਫ਼ਿਊਲ ਪੰਪਾਂ ’ਤੇ ਲੱਗੀਆਂ ਲੰਮੀਆਂ ਕਤਾਰਾਂ

ਮੈਲਬਰਨ : ਆਸਟ੍ਰੇਲੀਆ ਵਿੱਚ ਪੈਟਰੋਲ-ਡੀਜ਼ਲ (petrol-diesel) ਦੀਆਂ ਕੀਮਤਾਂ ਅਚਾਨਕ ਵਧ ਗਈਆਂ ਹਨ। ਮਿਡਲ ਈਸਟ ’ਚ ਇਰਾਨ ਵਿਰੁਧ ਅਮਰੀਕਾ ਅਤੇ ਇਜ਼ਰਾਇਲ ਵਲੋਂ ਛੇੜੀ ਜੰਗ ਕਾਰਨ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਆਉਣ ਵਾਲੇ ਹਫਤਿਆਂ ’ਚ ਕੀਮਤਾਂ 40 ਸੈਂਟ ਪ੍ਰਤੀ ਲੀਟਰ ਤੱਕ ਵਧਣ ਦੀ ਸੰਭਾਵਨਾ ਹੈ। ਪੈਟਰੋਲ ਪੰਪਾਂ ’ਤੇ ਲੰਮੀਆਂ ਕਤਾਰਾਂ ਲੱਗੀਆਂ ਹਨ। ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ’ਚ ਅਨਲੈਡਿਡ ਪੈਟਰੋਲ ਦੀ ਕੀਮਤ 2 ਡਾਲਰ ਪ੍ਰਤੀ ਲਿਟਰ ਤੋਂ ਵੀ ਵੱਧ ਗਈ ਹੈ।  MyNRMA ਐਪ ਅਨੁਸਾਰ ਮੈਲਬਰਨ ’ਚ ਪੈਟਰੋਲ ਦੀ ਕੀਮਤ 219.9 ਸੈਂਟ ਪ੍ਰਤੀ ਲਿਟਰ, ਸਿਡਨੀ ’ਚ 217.9 ਸੈਂਟ ਪ੍ਰਤੀ ਲਿਟਰ ਅਤੇ ਬ੍ਰਿਸਬੇਨ ’ਚ ਇਹ 210.2 ਸੈਂਟ ਤਕ ਹੋ ਗਈ ਹੈ। ਨੌਰਦਰਨ ਟੈਰੀਟਰੀ ਦੇ ਦੂਰ-ਦੁਰਾਡੇ ਸਥਿਤ Arnhem Land ’ਚ ਤਾਂ ਡੀਜ਼ਲ ਦੀ ਕੀਮਤ 3.99 ਡਾਲਰ ਪ੍ਰਤੀ ਲਿਟਰ ਤਕ ਹੋ ਗਈ ਹੈ। ਹਾਲਾਂਕਿ ਐਡੀਲੇਡ ਅਤੇ ਪਰਥ ’ਚ ਕੀਮਤਾਂ ਅਤੇ ਵੀ ਕ੍ਰਮਵਾਰ 185 ਸੈਂਟ ਅਤੇ 189.1 ਸੈਂਟ ਹੀ ਹਨ।

ਹਾਲਾਂਕਿ ਸਰਕਾਰ ਨੇ ਲੋਕਾਂ ਨੂੰ ਘਬਰਾਉਣ ਤੋਂ ਬਚਣ ਦੀ ਅਪੀਲ ਕੀਤੀ ਹੈ। ਐਨਰਜੀ ਮੰਤਰੀ Chris Bowen ਨੇ ਲੋਕਾਂ ਨੂੰ ਵੀ ਕੀਮਤਾਂ ਵਧਣ ਦੇ ਡਰ ਕਾਰਨ ਪੈਟਰੋਲ ਦਾ ਸਟਾਕ ਜਮ੍ਹਾ ਨਾ ਕਰਨ ਲਈ ਕਿਹਾ। ਆਸਟ੍ਰੇਲੀਆ ਲਈ ਤੇਲ ਦੀ ਸਪਲਾਈ ਜ਼ਿਆਦਾਤਰ ਸਿੰਗਾਪੁਰ ਤੋਂ ਆਉਂਦੀ ਹੈ, ਕਮੀ ਦੀ ਸੰਭਾਵਨਾ ਬਹੁਤ ਘੱਟ। ਪਰ ਲੋਕਾਂ ਨੇ ਕੰਪਨੀਆਂ ’ਤੇ ਨਾਜਾਇਜ਼ ਮੁਨਾਫ਼ਾਖੋਰੀ ਦੇ ਦੋਸ਼ ਲਗਾਏ ਹਨ ਅਤੇ ACCC ਨੂੰ ਸ਼ਿਕਾਇਤ ਕਰਨ ਦਾ ਐਲਾਨ ਕੀਤਾ ਹੈ। ਉਧਰ ਟਰੈਜ਼ਰਰ Jim Chalmers ਨੇ ਫ਼ਿਊਲ ਰਿਟੇਲਰਜ਼ ਨੂੰ ਦਿੱਤੀ ਚੇਤਾਵਨੀ। ਉਨ੍ਹਾਂ ਨੂੰ ਲਿਖੀ ਇੱਕ ਚਿੱਠੀ ’ਚ Chalmers ਨੇ ਕਿਹਾ, ‘‘ਮਿਡਲ ਈਸਟ ਦੀਆਂ ਘਟਨਾਵਾਂ ਬਹਾਨੇ ਆਸਟ੍ਰੇਲੀਆ ’ਚ ਪੈਟਰੋਲ ਦੀਆਂ ਕੀਮਤਾਂ ਨਾ ਵਧਾਈਆਂ ਜਾਣ।’’ ਖੇਤੀਬਾੜੀ, ਮਾਈਨਿੰਗ ਅਤੇ ਟਰਾਂਸਪੋਰਟ ਖੇਤਰ ਵਧੇਰੇ ਖਰਚਿਆਂ ਦੀ ਚਿੰਤਾ ਕਰ ਰਹੇ ਹਨ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਸਪਲਾਈ ਮਈ ਤੱਕ ਸੁਰੱਖਿਅਤ ਹੈ।