ਇਰਾਨੀ ਮਹਿਲਾ ਫ਼ੁੱਟਬਾਲ ਟੀਮ ਦੇ ਦੋ ਹੋਰ ਮੈਂਬਰਾਂ ਨੂੰ ਆਸਟ੍ਰੇਲੀਆ ’ਚ ਸ਼ਰਨ ਦਿੱਤੀ ਗਈ

ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਇਰਾਨ ਦੀ ਮਹਿਲਾ ਫੁਟਬਾਲ ਟੀਮ ਦੇ ਸੱਤ ਮੈਂਬਰਾਂ ਨੂੰ ਸ਼ਰਨ ਦਿੱਤੀ ਗਈ ਹੈ। ਗ੍ਰਹਿ ਮਾਮਲੇ ਮੰਤਰੀ ਟੋਨੀ ਬਰਕ ਨੇ ਦੱਸਿਆ ਕਿ ਸਿਡਨੀ ਹਵਾਈ ਅੱਡੇ ‘ਤੇ ਖਿਡਾਰੀਆਂ ਨੂੰ ਉਨ੍ਹਾਂ ਦੇ ਮਾਈਂਡਰਾਂ ਤੋਂ ਵੱਖ ਕਰ ਕੇ ਵਿਅਕਤੀਗਤ ਤੌਰ ‘ਤੇ ਪੁੱਛਿਆ ਗਿਆ ਕਿ ਕੀ ਉਹ ਆਸਟ੍ਰੇਲੀਆ ਵਿੱਚ ਰਹਿਣਾ ਚਾਹੁੰਦੇ ਹਨ। ਇਸ ਦੌਰਾਨ ਦੋ ਹੋਰ ਮੈਂਬਰਾਂ—ਇੱਕ ਖਿਡਾਰਨ ਅਤੇ ਇੱਕ ਸਹਾਇਕ—ਨੇ ਵੀ ਅੱਜ ਸ਼ਰਨ ਲਈ ਅਰਜ਼ੀ ਦਿੱਤੀ। ਪੰਜ ਖਿਡਾਰਨਾਂ ਨੇ ਪਹਿਲਾਂ ਹੀ ਮਨੁੱਖੀ ਅਧਿਕਾਰ ਵੀਜ਼ਾ ਲਈ ਅਰਜ਼ੀ ਦਿੱਤੀ ਸੀ।

ਇਹ ਮਾਮਲਾ ਉਸ ਵੇਲੇ ਚਰਚਾ ਵਿੱਚ ਆਇਆ ਜਦੋਂ ਕੁਝ ਖਿਡਾਰਨਾਂ ਨੇ ਆਸਟ੍ਰੇਲੀਆ ਵਿੱਚ ਹੋਏ ਮੈਚ ਦੌਰਾਨ ਇਰਾਨ ਦਾ ਰਾਸ਼ਟਰੀ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ। ਇਰਾਨੀ ਰਾਜ ਟੈਲੀਵਿਜ਼ਨ ਨੇ ਉਨ੍ਹਾਂ ਨੂੰ ‘ਗੱਦਾਰ’ ਕਹਿੰਦੇ ਹੋਏ ਨਿਸ਼ਾਨਾ ਬਣਾਇਆ, ਜਿਸ ਕਾਰਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਉੱਠੀਆਂ। ਇਰਾਨ ਵਿੱਚ ਗੱਦਾਰੀ ਦੀ ਸਜ਼ਾ ਮੌਤ ਤੱਕ ਹੋ ਸਕਦੀ ਹੈ।

ਬਾਕੀ ਟੀਮ ਦੇ ਮੈਂਬਰਾਂ ਨੂੰ ਵੀ ਆਸਟ੍ਰੇਲੀਆ ਵਿੱਚ ਰਹਿਣ ਦਾ ਮੌਕਾ ਦਿੱਤਾ ਗਿਆ ਸੀ, ਪਰ ਉਨ੍ਹਾਂ ਨੇ ਆਪਣੇ ਪਰਿਵਾਰਾਂ ਨਾਲ ਸੰਪਰਕ ਕਰਨ ਤੋਂ ਬਾਅਦ ਵਾਪਸ ਜਾਣਾ ਚੁਣਿਆ। ਸਰਕਾਰ ਨੇ ਸਪਸ਼ਟ ਕੀਤਾ ਕਿ ਕਿਸੇ ’ਤੇ ਦਬਾਅ ਨਹੀਂ ਬਣਾਇਆ ਗਿਆ, ਸਗੋਂ ਹਰ ਵਿਅਕਤੀ ਨੂੰ ਆਪਣਾ ਫੈਸਲਾ ਕਰਨ ਦੀ ਆਜ਼ਾਦੀ ਦਿੱਤੀ ਗਈ। ਦਿੱਤੇ ਗਏ ਵੀਜ਼ੇ 12 ਮਹੀਨੇ ਲਈ ਜਾਇਜ਼ ਹਨ ਅਤੇ ਸਥਾਈ ਨਿਵਾਸ ਦੀ ਰਾਹਦਾਰੀ ਖੋਲ੍ਹਦੇ ਹਨ।

ਉਧਰ ਇਰਾਨ ਦੇ ਫ਼ੁੱਟਬਾਲ ਮੁਖੀ ਮੇਹਦੀ ਤਾਜ ਨੇ ਆਸਟ੍ਰੇਲੀਅਨ ਸਰਕਾਰ ’ਤੇ ਖਿਡਾਰਨਾਂ ਨੂੰ ਬੰਧਕ ਬਣਾਉਣ ਦਾ ਦੋਸ਼ ਲਗਾਇਆ ਹੈ।