ਮੈਲਬਰਨ : ਇੰਡੀਆ ਦੇ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ 16 ਤੋਂ 19 ਫ਼ਰਵਰੀ ਤੱਕ ਦਾ ਆਪਣਾ ਆਸਟ੍ਰੇਲੀਆ ਦੌਰਾ ਮੁਕੰਮਲ ਕਰ ਦੇਸ਼ ਪਰਤ ਗਏ ਹਨ। ਉਨ੍ਹਾਂ ਦੇ ਦੌਰੇ ਜਿਸ ਨਾਲ ਦੋਵੇਂ ਦੇਸ਼ਾਂ ਦੇ ਰੱਖਿਆ ਸੰਬੰਧਾਂ ਨੂੰ ਨਵੀਂ ਮਜ਼ਬੂਤੀ ਮਿਲੀ। ਕੈਨਬਰਾ ਦੇ ਰਸੈਲ ਦਫ਼ਤਰ ਵਿੱਚ ਉਨ੍ਹਾਂ ਦਾ ਗਾਰਡ ਆਫ਼ ਆਨਰ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ, ਜੋ ਆਪਸੀ ਸਨਮਾਨ ਅਤੇ ਰੱਖਿਆ ਸਹਿਯੋਗ ਦੀ ਡੂੰਘਾਈ ਨੂੰ ਦਰਸਾਉਂਦਾ ਹੈ। ਦੌਰੇ ਦੌਰਾਨ ਉਨ੍ਹਾਂ ਨੇ ਆਸਟ੍ਰੇਲੀਆ ਦੇ ਚੀਫ਼ ਆਫ਼ ਜੌਇੰਟ ਓਪਰੇਸ਼ਨ ਵਾਈਸ ਐਡਮਿਰਲ ਜਸਟਿਨ ਜੋਨਸ ਨਾਲ ਮਿਲ ਕੇ ਸੰਯੁਕਤ ਕਮਾਂਡ ਅਤੇ ਰੀਅਲ-ਟਾਈਮ ਨਿਗਰਾਨੀ ਪ੍ਰਣਾਲੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਇਲਾਵਾ, ਆਸਟ੍ਰੇਲੀਆ ਦੇ ਚੀਫ਼ ਆਫ਼ ਡਿਫ਼ੈਂਸ ਫੋਰਸ ਐਡਮਿਰਲ ਡੇਵਿਡ ਜੌਨਸਟਨ ਨਾਲ ਇੰਡੋ-ਪੈਸਿਫ਼ਿਕ ਖੇਤਰ ਦੀ ਸੁਰੱਖਿਆ ’ਤੇ ਗੰਭੀਰ ਚਰਚਾ ਹੋਈ। ਜਨਰਲ ਦਿਵੇਦੀ ਨੇ ਆਸਟ੍ਰੇਲੀਆਈ ਫ਼ੌਜ ਪ੍ਰਮੁੱਖ ਲੈਫ਼ਟਿਨੈਂਟ ਜਨਰਲ ਸਾਈਮਨ ਸਟੂਅਰਟ ਨਾਲ ਵੀ ਮੁਲਾਕਾਤ ਕੀਤੀ, ਜਿਸ ਨਾਲ ਭਰੋਸੇ ਅਤੇ ਰਣਨੀਤਿਕ ਸਮਝ ਨੂੰ ਹੋਰ ਮਜ਼ਬੂਤੀ ਮਿਲੀ। ਦੌਰੇ ਦਾ ਸਭ ਤੋਂ ਭਾਵੁਕ ਪਲ ਉਹ ਸੀ ਜਦੋਂ ਉਨ੍ਹਾਂ ਨੇ ਆਸਟ੍ਰੇਲੀਆਈ ਯੁੱਧ ਸਮਾਰਕ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਹ ਯਾਤਰਾ ਸਪਸ਼ਟ ਕਰਦੀ ਹੈ ਕਿ ਇੰਡੀਆ-ਆਸਟ੍ਰੇਲੀਆ ਰੱਖਿਆ ਸੰਬੰਧ ਹੁਣ ਨਵੇਂ ਪੜਾਅ ਵਿੱਚ ਦਾਖ਼ਲ ਹੋ ਚੁੱਕੇ ਹਨ।
ਜਨਰਲ ਦਿਵੇਦੀ ਦੇ ਦੌਰੇ ਨਾਲ ਆਸਟ੍ਰੇਲੀਆ-ਇੰਡੀਆ ਰੱਖਿਆ ਸੰਬੰਧਾਂ ਨੂੰ ਨਵੀਂ ਮਜ਼ਬੂਤੀ ਮਿਲੀ





