ਸਿਡਨੀ : ਵੈਸਟ ਸਿਡਨੀ ਦੇ Lakemba ’ਚ ਸਥਿਤ ਮਸਜਿਦ ਵਿੱਚ ਈਦ ਦੀ ਨਮਾਜ਼ ਦੌਰਾਨ ਪ੍ਰਧਾਨ ਮੰਤਰੀ Anthony Albanese ਅਤੇ ਗ੍ਰਹਿ ਮੰਤਰੀ Tony Burke ਨੂੰ ਕੁਝ ਪ੍ਰਦਰਸ਼ਨਕਾਰੀਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਨਮਾਜ਼ ਤੋਂ ਬਾਅਦ ਦਿੱਤੇ ਗਏ ਭਾਸ਼ਣ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਨੂੰ “ਕਤਲੇਆਮ ਦੇ ਸਮਰਥਕ” ਕਹਿੰਦੇ ਹੋਏ ਬਾਹਰ ਕੱਢਣ ਦੀ ਮੰਗ ਕੀਤੀ। ਪੁਲਿਸ ਨੇ ਨਾਅਰੇਬਾਜ਼ੀ ਕਰ ਰਹੇ ਸ਼ੇਖ ਮੁਖਲਿਸ (33) ਨੂੰ ਮਸਜਿਦ ਤੋਂ ਬਾਹਰ ਕੱਢਿਆ, ਜਿਸ ਨੇ ਬਾਅਦ ਵਿਚ ਸੋਸ਼ਲ ਮੀਡੀਆ ’ਤੇ ਗਾਜ਼ਾ ’ਚ ਅਸ਼ਾਂਤੀ ਅਤੇ ਲੇਬਨਾਨ ’ਚ ਜੰਗ ’ਤੇ ਸਰਕਾਰ ਦੇ ਰੁਖ਼ ਬਾਰੇ ਨਾਰਾਜ਼ਗੀ ਪ੍ਰਗਟਾਈ। ਸੁਰੱਖਿਆ ਟੀਮ ਨੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪ੍ਰਦਰਸ਼ਨ ਤੋਂ 15 ਕੁ ਮਿੰਟ ਬਾਅਦ ਹੀ ਨਿਕਲਣ ਲਈ ਇਸ਼ਾਰਾ ਕੀਤਾ
ਹਾਲਾਂਕਿ, ਬਹੁਤ ਸਾਰੇ ਹਾਜ਼ਰੀਨ ਨੇ ਦੋਵੇਂ ਨੇਤਾਵਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮਸਜਿਦ ਦੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਕਿ ਸਿਆਸੀ ਨੇਤਾਵਾਂ ਨੂੰ ਸੱਦਾ ਦੇਣਾ ਸਮਾਜ ਦੀਆਂ ਚਿੰਤਾਵਾਂ ਸਿੱਧੇ ਤੌਰ ’ਤੇ ਪਹੁੰਚਾਉਣ ਦਾ ਮੌਕਾ ਹੈ। Albanese ਨੇ ਘਟਨਾ ਨੂੰ ਘੱਟ ਕਰਕੇ ਦੱਸਿਆ ਅਤੇ ਕਿਹਾ ਕਿ 30,000 ਤੋਂ ਵੱਧ ਲੋਕਾਂ ਨੇ ਸਕਾਰਾਤਮਕ ਤਰੀਕੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਲੈਬਨਾਨੀ ਮੁਸਲਿਮ ਐਸੋਸੀਏਸ਼ਨ ਨੇ ਸਪਸ਼ਟ ਕੀਤਾ ਕਿ ਉਹ ਆਪਣੇ ਦਰਵਾਜ਼ੇ ਰਾਜਨੀਤਿਕ ਨੇਤਾਵਾਂ ਲਈ ਖੁੱਲ੍ਹੇ ਰੱਖਣਗੇ, ਭਾਵੇਂ ਕੁਝ ਹਿੱਸੇਦਾਰ ਇਸ ਨੂੰ ਵਿਵਾਦਪੂਰਨ ਮੰਨਦੇ ਹਨ। ਸਮਾਜ ਵਿੱਚ ਇਸ ਗੱਲ ’ਤੇ ਵੰਡ ਹੈ ਕਿ ਮਸਜਿਦਾਂ ਵਿੱਚ ਸਿਆਸੀ ਹਾਜ਼ਰੀ ਉਚਿਤ ਹੈ ਜਾਂ ਨਹੀਂ।





