ਵਿਗਿਆਨੀਆਂ ਨੇ ਖੋਲ੍ਹਿਆ ਰਾਜ, ਇਸ ਕਾਰਨ AstraZeneca ਦੀ ਵੈਕਸੀਨ ਨਾਲ ਹੋਈ ਸੀ ਆਸਟ੍ਰੇਲੀਆ ’ਚ ਅੱਠ ਲੋਕਾਂ ਦੀ ਮੌਤ

ਮੈਲਬਰਨ : ਐਡੀਲੇਡ ਦੀ ਫਲਿੰਡਰਜ਼ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਤਾ ਲਗਾਇਆ ਹੈ ਕਿ AstraZeneca ਕੋਵਿਡ-19 ਵੈਕਸੀਨ ਵਿੱਚ ਵਰਤੇ ਗਏ ਐਡੇਨੋਵਾਇਰਸ ਪ੍ਰੋਟੀਨ ਨੂੰ ਸਰੀਰ ਦੀ ਰੋਗ-ਪ੍ਰਤੀਰੋਧਕ ਪ੍ਰਣਾਲੀ ਕਈ ਵਾਰ ਮਨੁੱਖੀ ਪਲੇਟਲੈਟ ਫੈਕਟਰ ਫੋਰ (PF4) ਸਮਝ ਲੈਂਦੀ ਹੈ। ਇਸ ਕਾਰਨ ਸਰੀਰ ਵਿੱਚ ਐਂਟੀਬਾਡੀ ਬਣਦੀਆਂ ਹਨ ਜੋ ਖੂਨ ਦੇ ਥੱਕੇ ਪੈਦਾ ਕਰ ਸਕਦੀਆਂ ਹਨ।

ਆਸਟ੍ਰੇਲੀਆ ਵਿੱਚ AstraZeneca ਦੀ ਵੈਕਸੀਨ ਕਾਰਨ ਖੂਨ ਦੇ ਥੱਕੇ ਪੈਦਾ ਹੋਣ ਨਾਲ ਜੁੜੇ 173 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 8 ਲੋਕਾਂ ਦੀ ਮੌਤ ਹੋ ਗਈ ਸੀ। ਇਹ ਖਤਰਾ ਲਗਭਗ ਹਰ 1 ਲੱਖ ਖੁਰਾਕਾਂ ਵਿੱਚ 2–3 ਲੋਕਾਂ ਵਿੱਚ ਦਰਜ ਕੀਤਾ ਗਿਆ। ਲੱਛਣਾਂ ਵਿੱਚ ਤੇਜ਼ ਸਿਰਦਰਦ, ਧੁੰਦਲੀ ਨਜ਼ਰ ਅਤੇ ਸਾਹ ਲੈਣ ਵਿੱਚ ਮੁਸ਼ਕਲ ਸ਼ਾਮਲ ਹਨ, ਜੋ ਆਮ ਤੌਰ ’ਤੇ ਪਹਿਲੀ ਖੁਰਾਕ ਤੋਂ 4–42 ਦਿਨਾਂ ਵਿੱਚ ਪ੍ਰਗਟ ਹੁੰਦੇ ਹਨ।

ਸਰਕਾਰ ਨੇ ਇਸ ਟੀਕੇ ਨੂੰ 60 ਸਾਲ ਤੋਂ ਉਪਰ ਲੋਕਾਂ ਲਈ ਹੀ ਸਿਫ਼ਾਰਸ਼ ਕੀਤਾ ਸੀ। 2023 ਤੋਂ ਬਾਅਦ AstraZeneca ਆਸਟ੍ਰੇਲੀਆ ਵਿੱਚ ਉਪਲਬਧ ਨਹੀਂ। ਵਿਗਿਆਨੀ ਕਹਿੰਦੇ ਹਨ ਕਿ ਇਸ ਖੋਜ ਨਾਲ ਭਵਿੱਖ ਵਿੱਚ ਹੋਰ ਸੁਰੱਖਿਅਤ ਟੀਕੇ ਤਿਆਰ ਕਰਨ ਦਾ ਰਾਹ ਖੁੱਲ੍ਹਦਾ ਹੈ।