ਆਸਟ੍ਰੇਲੀਆ ’ਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਣੀ ਸ਼ੁਰੂ ਹੋਈ

ਮੈਲਬਰਨ : ਆਸਟ੍ਰੇਲੀਆ ਵਿੱਚ ਇੰਟਰਨੈਸ਼ਨਲ ਸਿੱਖਿਆ ਖੇਤਰ ਲਈ “ਪਾਰਟੀ ਖਤਮ” ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਨਵੇਂ ਅੰਕੜਿਆਂ ਮੁਤਾਬਕ, ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਪਿਛਲੇ ਸਾਲ 0.5% ਘਟੀ ਹੈ, ਜਦਕਿ ਨਵੇਂ ਦਾਖਲਿਆਂ ਵਿੱਚ 15% ਦੀ ਕਮੀ ਦਰਜ ਕੀਤੀ ਗਈ। ਟਾਇਮਸ ਹਾਇਅਰ ਐਜੂਕੇਸ਼ਨ ਦੀ ਇਕ ਰਿਪੋਰਟ ਅਨੁਸਾਰ ਸਭ ਤੋਂ ਵੱਧ ਅਸਰ ਵੋਕੇਸ਼ਨਲ ਸਿੱਖਿਆ ਸੰਸਥਾਵਾਂ ਅਤੇ ਅੰਗਰੇਜ਼ੀ ਭਾਸ਼ਾ ਕਾਲਜਾਂ ’ਤੇ ਪਿਆ, ਜਿੱਥੇ ਨਵੇਂ ਵਿਦਿਆਰਥੀਆਂ ਦੀ ਗਿਣਤੀ 23% ਅਤੇ 37% ਘਟੀ।

ਇਸ ਦੇ ਬਾਵਜੂਦ, ਉੱਚ ਸਿੱਖਿਆ ਖੇਤਰ ਵਿੱਚ 0.7% ਵਾਧੇ ਨਾਲ ਕੁੱਲ 5.45 ਲੱਖ ਵਿਦੇਸ਼ੀ ਸਟੂਡੈਂਟਸ ਦਾਖ਼ਲ ਹੋਏ, ਜੋ ਕਿ ਰਿਕਾਰਡ ਹੈ। ਸਰਕਾਰ ਦੀ ਨੀਤੀ ਹੁਣ ਗਿਣਤੀ ਦੀ ਬਜਾਏ ਗੁਣਵੱਤਾ ’ਤੇ ਧਿਆਨ ਦੇ ਰਹੀ ਹੈ। ਸਿੱਖਿਆ ਨਿਰਯਾਤ 55 ਅਰਬ ਆਸਟ੍ਰੇਲੀਆਈ ਡਾਲਰ ਤੱਕ ਪਹੁੰਚ ਗਿਆ ਹੈ। ਸਟੂਡੈਂਟ ਵੀਜ਼ਾ ਮਨਜ਼ੂਰੀ ਦਰਾਂ ਵਿੱਚ ਕਮੀ ਅਤੇ ਇਮੀਗ੍ਰੇਸ਼ਨ ਨੀਤੀਆਂ ਦੇ ਸਖ਼ਤ ਹੋਣ ਕਾਰਨ ਭਵਿੱਖ ਵਿੱਚ ਹੋਰ ਚੁਣੌਤੀਆਂ ਸਾਹਮਣੇ ਆ ਸਕਦੀਆਂ ਹਨ।