ਆਸਟ੍ਰੇਲੀਆ ਵਿੱਚ ਘਰਾਂ ਦੀਆਂ ਕੀਮਤਾਂ ਘਟਣ ਦੀ ਸੰਭਾਵਨਾ

ਮੈਲਬਰਨ : ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ਵਿੱਚ ਹਾਲ ਹੀ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਮਾਰਚ 2026 ਵਿੱਚ ਜਾਰੀ ਰਿਪੋਰਟਾਂ ਮੁਤਾਬਕ, ਸਿਡਨੀ ਵਿੱਚ ਘਰਾਂ ਦੀਆਂ ਕੀਮਤਾਂ ਇਸ ਸਾਲ 2 ਤੋਂ 6 ਪ੍ਰਤੀਸ਼ਤ ਤੱਕ ਘਟ ਸਕਦੀਆਂ ਹਨ। ਇਸੇ ਤਰ੍ਹਾਂ ਮੈਲਬਰਨ ਵਿੱਚ 1 ਤੋਂ 4 ਪ੍ਰਤੀਸ਼ਤ ਤੱਕ ਕਮੀ ਦੀ ਸੰਭਾਵਨਾ ਹੈ। ਇਹ ਅਨੁਮਾਨ ਉਸ ਵੇਲੇ ਲਗਾਇਆ ਗਿਆ ਹੈ ਜਦੋਂ ਘਰ ਵੇਚਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਵੱਧ ਗਈ ਹੈ।

Cotality ਦੇ ਅੰਕੜਿਆਂ ਮੁਤਾਬਕ, ਮੈਲਬਰਨ ਵਿੱਚ ਨਵੀਂਆਂ ਲਿਸਟਿੰਗਾਂ ਵਿੱਚ 16.7 ਫ਼ੀਸਦੀ ਅਤੇ ਸਿਡਨੀ ਵਿੱਚ 8.4 ਫ਼ੀਸਦੀ ਦਾ ਵਾਧਾ ਹੋਇਆ ਹੈ। ਬ੍ਰਿਸਬੇਨ ਵਿੱਚ ਇਹ ਵਾਧਾ ਸਿਰਫ਼ 0.7 ਫ਼ੀਸਦੀ ਰਿਹਾ, ਜਦਕਿ ਪਰਥ ਵਿੱਚ 13.9 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ। ਮਾਹਰ ਮੰਨਦੇ ਹਨ ਕਿ ਵਧ ਰਹੀ ਸਪਲਾਈ ਕਾਰਨ ਕੀਮਤਾਂ ਵਿੱਚ ਵਾਧੇ ਦੀ ਰਫ਼ਤਾਰ ਘਟੇਗੀ।

ਦੂਜੇ ਪਾਸੇ SQM ਰਿਸਰਚ ਨੇ ਵੀ ਆਪਣੇ ਵੱਖਰੇ ਅਨੁਮਾਨਾਂ ਨੂੰ ਸੋਧਿਆ ਹੈ ਅਤੇ ਕਿਹਾ ਹੈ ਕਿ ਗਲੋਬਲ ਅਨਿਸ਼ਚਿਤਤਾ, ਤੇਲ ਦੀਆਂ ਕੀਮਤਾਂ ਅਤੇ ਵਧ ਰਹੇ ਵਿਆਜ ਰੇਟ ਕਾਰਨ ਘਰਾਂ ਦੀਆਂ ਕੀਮਤਾਂ ’ਤੇ ਦਬਾਅ ਬਣਿਆ ਰਹੇਗਾ। 2026 ਦੇ ਅੱਧ ਤਕ ਵਿਆਜ ਰੇਟ 4.35% ਤਕ ਪਹੁੰਚ ਸਕਦਾ ਹੈ। ਹਾਲਾਂਕਿ ਪਰਥ ਅਤੇ ਡਾਰਵਿਨ ਵਰਗੇ ਸ਼ਹਿਰਾਂ ਵਿੱਚ ਵਧ ਰਹੇ ਸਰੋਤ ਮਾਰਕੀਟਾਂ ਕਾਰਨ ਕੁਝ ਵਾਧਾ ਹੋ ਸਕਦਾ ਹੈ।

ਇਹ ਸਥਿਤੀ ਦਰਸਾਉਂਦੀ ਹੈ ਕਿ ਆਸਟ੍ਰੇਲੀਅਨ ਪ੍ਰਾਪਰਟੀ ਬਾਜ਼ਾਰ ਵਿੱਚ ਖਰੀਦਦਾਰਾਂ ਅਤੇ ਵਿਕਰੇਤਾਵਾਂ ਲਈ ਅਗਲੇ ਮਹੀਨੇ ਚੁਣੌਤੀਪੂਰਨ ਰਹਿਣਗੇ।