Australia: Hobart ਵਿੱਚ ਲੈੱਡ ਦੀ ਪ੍ਰਦੂਸ਼ਣ ’ਤੇ ਚਿੰਤਾ, EPA ਵੱਲੋਂ ਹੋਰ ਜਾਂਚਾਂ ਦਾ ਐਲਾਨ

ਮੈਲਬਰਨ : ਆਸਟ੍ਰੇਲੀਆ ਦੇ ਟਾਪੂ ਸਟੇਟ ਤਸਮਾਨੀਆ ਦੀ ਰਾਜਧਾਨੀ ਹੋਬਾਰਟ ਦੇ Lutana ਇਲਾਕੇ ਵਿੱਚ Nyrstar ਦੇ ਸੌ ਸਾਲ ਪੁਰਾਣੇ ਜ਼ਿੰਕ ਸਮੈਲਟਰ ਨੇੜੇ ਧੂੜ ਦੇ ਨਮੂਨਿਆਂ ਵਿੱਚ ਲੈੱਡ ਦੀ ਉੱਚ ਮਾਤਰਾ ਮਿਲੀ ਹੈ। ਦਸੰਬਰ 2024 ਤੋਂ ਜੂਨ 2025 ਤੱਕ ਇਕੱਠੇ ਕੀਤੇ ਨਮੂਨਿਆਂ ਵਿੱਚ 70 µg/m² ਤੋਂ ਲੈ ਕੇ 48,900 µg/m² ਤੱਕ ਪੱਧਰ ਦਰਜ ਕੀਤੇ ਗਏ। ਪੂਰਬੀ ਤਟ ਦੇ ਇਲਾਕਿਆਂ ਜਿਵੇਂ Rose Bay, Bellerive, Lindisfarne ਅਤੇ Rosny ਵਿੱਚ ਵੀ ਉੱਚ ਪੱਧਰ ਮਿਲੇ ਹਨ।

Macquarie University ਦੇ ਪ੍ਰੋਫੈਸਰ Mark Taylor ਨੇ ਨਤੀਜਿਆਂ ਨੂੰ ‘ਅਸਵੀਕਾਰਯੋਗ ਤੌਰ ’ਤੇ ਉੱਚ’ ਕਿਹਾ ਅਤੇ ਹੋਰ ਵਿਸਤ੍ਰਿਤ ਨਿਗਰਾਨੀ ਦੀ ਲੋੜ ’ਤੇ ਜ਼ੋਰ ਦਿੱਤਾ। EPA ਨੇ ਸੁਤੰਤਰ ਸਲਾਹਕਾਰਾਂ ਰਾਹੀਂ ਵਾਤਾਵਰਣੀ ਅਤੇ ਸਿਹਤ ਖ਼ਤਰੇ ਦੀ ਜਾਂਚ ਸ਼ੁਰੂ ਕੀਤੀ ਹੈ, ਜੋ ਮੱਧ 2026 ਤੱਕ ਪੂਰੀ ਹੋਵੇਗੀ।

ਸਿਹਤ ਵਿਭਾਗ ਨੇ ਇਸ ਵੇਲੇ ਸਮੂਹਕ ਖੂਨ ਦੀ ਜਾਂਚ ਦੀ ਸਿਫਾਰਸ਼ ਨਹੀਂ ਕੀਤੀ, ਪਰ ਲੋਕਾਂ ਨੂੰ ਹੱਥ ਧੋਣ, ਸੁਰੱਖਿਅਤ ਬਾਗਬਾਨੀ ਕਰਨ ਅਤੇ ਘਰਾਂ ਦੀ ਮੁਰੰਮਤ ਤੋਂ ਪਹਿਲਾਂ ਪੇਂਟ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ। ਗ੍ਰੀਨਜ਼ ਪਾਰਟੀ ਅਤੇ ਸਥਾਨਕ ਵਸਨੀਕਾਂ ਨੇ ਕੜੀਆਂ ਨਿਯਮਾਵਲੀਆਂ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਸਰੀਰ ’ਚ ਲੈੱਡ ਦੀ ਥੋੜ੍ਹੀ ਜਿਹੀ ਮਾਤਰਾ ਵੀ ਬੱਚਿਆਂ ਦਿਮਾਗ ਦੇ ਵਿਕਾਸ ’ਚ ਰੁਕਵਾਟ ਪਾ ਸਕਦੀ ਹੈ ਅਤੇ ਹਾਇਪਰਐਕਟੀਵਿਟੀ ਤੇ ਧਿਆਨ ’ਚ ਕਮੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਸਰੀਰਕ ਵਿਕਾਸ ਦੇ ਹੌਲੀ ਹੋਣ ਅਤੇ ਸੁਣਨ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ। ਵੱਡਿਆਂ ’ਚ ਇਸ ਕਾਰਨ ਹਾਈ ਬਲੱਡ ਪ੍ਰੈਸ਼ਰ ਅਤੇ ਕਿਡਨੀ ਨੂੰ ਨੁਕਸਾਨ ਹੋ ਸਕਦਾ ਹੈ।