NSW ’ਚ ਨਵਾਂ ਬਿਜ਼ਨਸ ਸ਼ੁਰੂ ਕਰਨ ਵਾਲਿਆਂ ’ਚੋਂ ਆਸਟ੍ਰੇਲੀਆ ਤੋਂ ਬਾਅਦ ਭਾਰਤੀ ਮੂਲ ਦੇ ਲੋਕ ਸਭ ਤੋਂ ਅੱਗੇ

Sea7 Australia Team
2 Min Read

ਸਿਡਨੀ : ਭਾਰਤੀ ਮੂਲ ਦੇ ਉਦਮੀਆਂ ਨੇ ਆਸਟ੍ਰੇਲੀਅਨ ਕਾਰੋਬਾਰ ਦੀ ਦੁਨੀਆ ’ਚ ਨਵਾਂ ਇਤਿਹਾਸ ਰਚ ਦਿੱਤਾ ਹੈ। ਲਾਅਪਾਥ ਇੰਡੈਕਸ ਦੇ ਨਵੇਂ ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਨਿਊ ਸਾਊਥ ਵੇਲਜ਼ (NSW) ’ਚ ਨਵਾਂ ਬਿਜ਼ਨਸ ਸ਼ੁਰੂ ਕਰਨ ਵਾਲਿਆਂ ’ਚੋਂ ਆਸਟ੍ਰੇਲੀਆ ਤੋਂ ਬਾਅਦ ਭਾਰਤੀ ਮੂਲ ਦੇ ਲੋਕ ਸਭ ਤੋਂ ਅੱਗੇ ਹਨ। ਸਟੇਟ ’ਚ ਸ਼ੁਰੂ ਹੋਏ ਹਰ ਪੰਜ ਕਾਰੋਬਾਰਾਂ ’ਚੋਂ ਇਕ ਭਾਰਤੀ ਮੂਲ ਦੇ ਲੋਕਾਂ ਨੇ ਸ਼ੁਰੂ ਕੀਤਾ। ਇਹ ਅੰਕੜਾ ਰਾਜ ਦੀ ਆਬਾਦੀ ‘ਚ ਉਨ੍ਹਾਂ ਦੇ ਹਿੱਸੇ ਨਾਲੋਂ ਛੇ ਗੁਣਾ ਵੱਧ ਹੈ। ਮਤਲਬ ਸਟੇਟ ਦੀ ਆਬਾਦੀ ਦਾ ਸਿਰਫ਼ 3% ਹਿੱਸਾ ਹੋਣ ਦੇ ਬਾਵਜੂਦ 2025 ’ਚ ਕੁੱਲ ਨਵੀਂਆਂ ਕਾਰੋਬਾਰੀ ਰਜਿਸਟ੍ਰੇਸ਼ਨਾਂ ’ਚੋਂ 19% ਭਾਰਤੀ ਮੂਲ ਦੇ ਲੋਕਾਂ ਨੇ ਕੀਤੀਆਂ। ਤੀਜੇ ਨੰਬਰ ’ਤੇ ਚੀਨ ਮੂਲ ਦੇ ਲੋਕ ਹਨ ਜਿਨ੍ਹਾਂ ਦੇ ਨਾਂ ’ਤੇ 7.9% ਉਦਯੋਗ ਰਜਿਸਟਰਡ ਹੋਏ।

ਇਹੀ ਨਹੀਂ ਵੈਸਟਰਨ ਅਤੇ ਨੌਰਥਵੈਸਟਰਨ ਸਿਡਨੀ ਸਥਿਤ ਪੈਰਾਮਾਟਾ, ਬਲੈਕਟਾਊਨ, ਹਿਲਜ਼ ਤੇ ਪੈਨਰਿਥ ਕੌਂਸਲ ਇਲਾਕਿਆਂ ’ਚ ਤਾਂ ਇਹ ਹਿੱਸਾ 56 ਫੀਸਦੀ ਤੱਕ ਪਹੁੰਚ ਗਿਆ। ਇਥੇ ਨਵੇਂ ਕਾਰੋਬਾਰਾਂ ਦੇ ਸਭ ਤੋਂ ਆਮ ਪਰਿਵਾਰਕ ਨਾਂ ਸਿੰਘ, ਪਟੇਲ, ਕੌਰ ਤੇ ਸ਼ਰਮਾ ਰਹੇ, ਜਦਕਿ ਰਵਾਇਤੀ ਆਸਟ੍ਰੇਲੀਆਈ ਨਾਂ ‘ਸਮਿਥ’ 16ਵੇਂ ਸਥਾਨ ’ਤੇ ਸੀ। ਇਸ ਇਲਾਕੇ ’ਚ ਸਿੰਘ ਸਰਨੇਮ ਵਾਲੇ ਲੋਕਾਂ ਦੇ ਨਾਂ ’ਤੇ ਸਭ ਤੋਂ ਜ਼ਿਆਦਾ 596 ਅਤੇ ਕੌਰ ਸਰਨੇਮ ’ਤੇ 319 ਉਦਯੋਗ ਰਜਿਸਟਰਡ ਹੋਏ। ਦੂਜੇ ਨੰਬਰ ’ਤੇ ਪਟੇਲ ਸਰਨੇਮ ਵਾਲੇ ਕਾਰੋਬਾਰੀ ਹਨ ਜਿਨ੍ਹਾਂ ਦੇ ਨਾਂ ’ਤੇ 536 ਉਦਯੋਗ ਰਜਿਸਟਰਡ ਹਨ।

ਮੀਡੀਆ ਨਾਲ ਗੱਲਬਾਤ ’ਚ ਪ੍ਰਗਣਾ ਭਵਸਰ, ਜਿਸ ਨੇ ਆਪਣੀ HR ਨੌਕਰੀ ਛੱਡ ਕੇ ਪਤੀ ਨਾਲ ਮਿਲ ਕੇ ‘ਚਿਟ ਚਾਟ ਕੰਪਨੀ’ ਨਾਮਕ ਕੇਟਰਿੰਗ ਕੰਪਨੀ ਸ਼ੁਰੂ ਕੀਤੀ, ਕਹਿੰਦੀ ਹੈ ਕਿ ਕਮਿਊਨਿਟੀ ਦੇ ਮਜ਼ਬੂਤ ਨੈੱਟਵਰਕ ਕਾਰੋਬਾਰ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਮਦਦਗਾਰ ਹਨ। ਹਰ ਹਫ਼ਤੇ ਉਨ੍ਹਾਂ ਦੇ ਪੰਜ ਤੋਂ ਦਸ ਇਵੈਂਟ ਹੁੰਦੇ ਹਨ, ਜਿਨ੍ਹਾਂ ’ਚ ਦਰਜਨਾਂ ਤੋਂ ਲੈ ਕੇ ਸੈਂਕੜਿਆਂ ਲੋਕ ਸ਼ਾਮਲ ਹੁੰਦੇ ਹਨ। ਲਾਅਪਾਥ ਇੰਡੈਕਸ ਦੇ ਅੰਕੜੇ ਦਰਸਾਉਂਦੇ ਹਨ ਕਿ ਭਾਰਤੀ ਮੂਲ ਦੇ ਉਦਮੀ ਸਿਰਫ਼ ਖਾਣ-ਪੀਣ ਹੀ ਨਹੀਂ, ਸਗੋਂ ਡਿਜ਼ਿਟਲ ਮਾਰਕੀਟਿੰਗ, ਪ੍ਰੋਫੈਸ਼ਨਲ ਸਰਵਿਸਜ਼ ਤੇ ਵੈੱਬ-ਬੇਸਡ ਕਾਰੋਬਾਰਾਂ ’ਚ ਵੀ ਅੱਗੇ ਹਨ।

Share This Article
Leave a Comment

Leave a Reply

Your email address will not be published. Required fields are marked *