High school education in Australia : ਆਸਟ੍ਰੇਲੀਆ ’ਚ ਹਾਈ ਸਕੂਲ ਸਿੱਖਿਆ ਦੁਨੀਆ ਭਰ ’ਚ ਸਭ ਤੋਂ ਮਹਿੰਗੀ

ਮੈਲਬਰਨ : ਇੱਕ ਨਵੀਂ ਰਿਸਰਚ ਅਨੁਸਾਰ ਹਾਈ ਸਕੂਲ ਸਿੱਖਿਆ ਲਈ ਆਸਟ੍ਰੇਲੀਆ (High school education in Australia) ਦੁਨੀਆ ਦਾ ਸਭ ਤੋਂ ਮਹਿੰਗਾ ਦੇਸ਼ ਐਲਾਨ ਕੀਤਾ ਗਿਆ ਹੈ। ਰਿਪੋਰਟ ਮੁਤਾਬਕ, ਪਰਿਵਾਰ ਹਰ ਸਾਲ ਔਸਤਨ 4,967 ਡਾਲਰ ਖ਼ਰਚ ਕਰਦੇ ਹਨ, ਜੋ ਕਿ OECD ਦੇਸ਼ਾਂ ਦੇ ਔਸਤ ਨਾਲੋਂ ਲਗਭਗ ਚਾਰ ਗੁਣਾ ਹੈ। ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ 55,000 ਡਾਲਰ ਤੱਕ ਪਹੁੰਚ ਸਕਦੀਆਂ ਹਨ, ਹਾਲਾਂਕਿ ਇਨ੍ਹਾਂ ਨੂੰ ਸਰਕਾਰ ਵੱਲੋਂ ਵੱਡੀ ਫੰਡਿੰਗ ਮਿਲਦੀ ਹੈ।

The Australia Institute ਦੀ ਰਿਸਰਚ ਅਨੁਸਾਰ ਆਸਟ੍ਰੇਲੀਆ ਵਿੱਚ 40% ਤੋਂ ਵੱਧ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ, ਜਦਕਿ ਅਮਰੀਕਾ ’ਚ ਸਿਰਫ਼ 9% ਅਤੇ UK ’ਚ ਸਿਰਫ਼ 8% ਬੱਚੇ ਪ੍ਰਾਈਵੇਟ ਸਕੂਲ ਜਾਂਦੇ ਨੇ। ਮਾਹਰ ਕਹਿੰਦੇ ਹਨ ਕਿ ਪ੍ਰਾਈਵੇਟ ਸਕੂਲਾਂ ਦੀ ਗੁਣਵੱਤਾ ਸਰਕਾਰੀ ਸਕੂਲਾਂ ਨਾਲੋਂ ਵੱਖਰੀ ਨਹੀਂ, ਸਗੋਂ ਨਤੀਜੇ ਅਕਸਰ ਸਮਾਜਿਕ-ਆਰਥਿਕ ਪਿਛੋਕੜ ਨਾਲ ਜੁੜੇ ਹੁੰਦੇ ਹਨ।

ਇਸੇ ਦੌਰਾਨ, ਸਰਕਾਰੀ ਸਕੂਲਾਂ ਨੂੰ 4 ਬਿਲੀਅਨ ਡਾਲਰ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਨਾਬਰਾਬਰੀ ਵਧ ਰਹੀ ਹੈ। ਆਲੋਚਕਾਂ ਦਾ ਮੰਨਣਾ ਹੈ ਕਿ ਨੀਤੀਆਂ ਨੇ ਦੋ-ਪੱਧਰੀ ਸਿੱਖਿਆ ਪ੍ਰਣਾਲੀ ਬਣਾਈ ਹੈ। ਮਾਹਰ ਸੁਝਾਅ ਦੇ ਰਹੇ ਹਨ ਕਿ ਸਰਕਾਰੀ ਸਕੂਲਾਂ ਵੱਲ ਵੱਧ ਫੰਡਿੰਗ ਕਰ ਕੇ ਪਰਿਵਾਰਾਂ ਦਾ ਬੋਝ ਘਟਾਇਆ ਜਾ ਸਕਦਾ ਹੈ।