Exclusive Interview with Sunny Singh : ਜਿੱਥੇ ਪੰਜਾਬੀਆਂ ਦੀ ਗਿਣਤੀ 50 ਵੀ ਨਹੀਂ ਫਿਰ ਵੀ ਦੋ ਵਾਰ ਜਿੱਤੀ ਚੋਣ

ਮੈਲਬਰਨ ; ਕੌਣ ਕਹਿੰਦਾ ਕਿ ਜ਼ਿੰਦਗੀ ਵਿੱਚ ਸੁਪਨੇ ਨਹੀਂ ਦੇਖਣੇ ਚਾਹੀਦੇ? ਕੌਣ ਕਹਿੰਦਾ ਹੈ ਕਿ ਉਨ੍ਹਾਂ ਸੁਪਨਿਆਂ ਉੱਤੇ ਕੰਮ ਨਹੀਂ ਕਰਨਾ ਚਾਹੀਦਾ? ਕੌਣ ਕਹਿੰਦਾ ਹੈ ਕਿ ਤੁਹਾਨੂੰ ਤੁਹਾਡੀ ਕੀਤੀ ਹੋਈ ਕਿਰਤ ਕਮਾਈ ਦਾ ਫਲ ਨਹੀਂ ਮਿਲਦਾ? ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਇੱਕ ਐਸੀ ਸ਼ਖਸ਼ੀਅਤ ਨਾਲ ਜਿਹੜੇ 2008 ਵਿੱਚ ਆਸਟ੍ਰੇਲੀਆ ਸਪਾਊਸ ਵੀਜ਼ਾ ਰਾਹੀਂ ਆਏ। ਆਸਟ੍ਰੇਲੀਆ ਦੇ ਇੱਕ ਛੋਟੇ ਕਸਬੇ ਵਿੱਚ ਜਾ ਕੇ ਰਹਿਣ ਲੱਗੇ, ਜਿੱਥੇ ਉਨ੍ਹਾਂ ਨੇ ਆਪਣੇ ਸੁਪਨੇ ਸਾਕਾਰ ਕਰਨੇ ਸ਼ੁਰੂ ਕੀਤੇ। PR ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਕਾਰੋਬਾਰ ਕੀਤਾ, ਅਤੇ 2018 ਵਿੱਚ ਸਿਆਸਤ ਵਿੱਚ ਕਦਮ ਰੱਖਿਆ। ਅੱਜ ਉਹ ਦੋ ਵਾਰ ਦੇ ਕੌਂਸਲਰ ਬਣ ਚੁੱਕੇ ਹਨ। 2008 ਵਿੱਚ ਲੁਧਿਆਣੇ ਤੋਂ ਸਿਰਫ਼ 22 ਸਾਲ ਦੀ ਉਮਰ ’ਚ ਆਸਟ੍ਰੇਲੀਆ ਆਏ ਸਨੀ ਸਿੰਘ (Sunny Singh) ਅੱਜ ਲਿਬਰਲ ਪਾਰਟੀ ਵੱਲੋਂ ਸਾਊਥ ਆਸਟ੍ਰੇਲੀਆ ਦੀ ਸਟੇਟ ਇਲੈਕਸ਼ਨ ਵਿੱਚ Giles ਹਲਕੇ ਤੋਂ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਹਨ। ਇਹ ਹਲਕਾ ਪਹਿਲਾਂ ਚਾਰ ਵਾਰ ਲਿਬਰਲ ਪਾਰਟੀ ਜਿੱਤ ਚੁੱਕੀ ਹੈ, ਅਤੇ ਇਸ ਵਾਰ ਉਹ ਸੱਤਾਧਾਰੀ ਧਿਰ ਦੇ ਮੈਂਬਰ ਪਾਰਲੀਮੈਂਟ ਦੇ ਮੁਕਾਬਲੇ ਵਿੱਚ ਖੜੇ ਹਨ।

ਸਨੀ ਸਿੰਘ ਉਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਹਨ ਜਿੱਥੇ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਵਿੱਚ ਨਹੀਂ ਹੈ। ਇਸ ਲਈ ਉਨ੍ਹਾਂ ਦਾ ਸਫਰ ਵਾਈਡਰ ਕਮਿਊਨਿਟੀ ਨਾਲ ਜੁੜਿਆ ਰਿਹਾ ਹੈ। Sea7 Australia ਵੱਲੋਂ ਤਰਨਦੀਪ ਸਿੰਘ ਬਿਲਾਸਪੁਰ ਨੇ ਸੰਨੀ ਸਿੰਘ ਨਾਲ ਉਨ੍ਹਾਂ ਦੇ ਜੀਵਨ ਸਫਰ ਬਾਰੇ ਗੱਲਬਾਤ ਕੀਤੀ:

ਪ੍ਰਸ਼ਨ 1: ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ। ਤੁਸੀਂ ਲੁਧਿਆਣੇ ਤੋਂ Port Augusta ਕਿਵੇਂ ਪਹੁੰਚੇ?
ਸਨੀ ਸਿੰਘ: ਸਤਿ ਸ਼੍ਰੀ ਅਕਾਲ ਜੀ। ਮੈਂ 2008 ਵਿੱਚ ਆਸਟ੍ਰੇਲੀਆ ਆਇਆ ਸੀ। ਪਹਿਲਾਂ ਐਡਲੇਡ ਵਿੱਚ ਦੋ ਹਫ਼ਤੇ ਰਿਹਾ, ਫਿਰ Port Augusta ਆ ਗਿਆ। ਉਸ ਸਮੇਂ ਰਿਸੈਸ਼ਨ ਸੀ, ਨੌਕਰੀਆਂ ਘੱਟ ਮਿਲਦੀਆਂ ਸਨ। ਕਿਸੇ ਨੇ ਦੱਸਿਆ ਕਿ ਪੋਰਟ ਅਗਸਤਾ ਵਿੱਚ ਟੈਕਸੀ ਲਾਇਸੈਂਸ ਆਸਾਨੀ ਨਾਲ ਬਣ ਜਾਂਦਾ ਹੈ, ਤਾਂ ਮੈਂ ਇੱਥੇ ਆ ਗਿਆ।

ਪ੍ਰਸ਼ਨ 2: ਭਾਰਤ ਵਿੱਚ ਤੁਹਾਡਾ ਅਕਾਦਮਿਕ ਅਤੇ ਪੇਸ਼ਾਵਰ ਪਿਛੋਕੜ ਕੀ ਸੀ?
ਸਨੀ ਸਿੰਘ: ਮੈਂ 10+2 ਪੰਜਾਬ ਵਿੱਚ ਕੀਤੀ। ਸਾਡੇ ਘਰ ਦਾ ਛੋਟਾ ਬਿਜਨਸ ਸੀ, ਫੈਕਟਰੀ ਵਿੱਚ ਕੰਮ ਸਿੱਖਿਆ। ਫਿਰ ਮੈਂ ਜਿਮ ਚਲਾਇਆ, ਤਕਰੀਬਨ 2–3 ਸਾਲ। ਉਸ ਤੋਂ ਬਾਅਦ ਆਸਟ੍ਰੇਲੀਆ ਆ ਕੇ ਟੈਕਸੀ ਦਾ ਕੰਮ ਸ਼ੁਰੂ ਕੀਤਾ।

ਪ੍ਰਸ਼ਨ 3: ਪੋਰਟ ਅਗਸਤਾ ਪਹੁੰਚ ਕੇ ਤੁਹਾਡਾ ਪਹਿਲਾ ਅਨੁਭਵ ਕੀ ਸੀ?
ਸਨੀ ਸਿੰਘ: ਪਹਿਲਾਂ ਬਹੁਤ ਅਜੀਬ ਲੱਗਿਆ। ਸੋਚਿਆ ਸੀ ਵੱਡੀਆਂ ਬਿਲਡਿੰਗਾਂ ਤੇ ਰੌਣਕ ਹੋਵੇਗੀ, ਪਰ ਇੱਥੇ ਬਹੁਤ ਸੁੱਕਾ ਤੇ ਸ਼ਾਂਤ ਮਾਹੌਲ ਸੀ। ਜਨਵਰੀ ਵਿੱਚ ਆਇਆ ਸੀ, ਗਰਮੀ ਬਹੁਤ ਸੀ। ਉਸ ਵੇਲੇ ਸਿਰਫ਼ 5–7 ਭਾਰਤੀ ਪਰਿਵਾਰ ਸਨ।

ਪ੍ਰਸ਼ਨ 4: ਹੁਣ 17 ਸਾਲਾਂ ਬਾਅਦ ਕਿੰਨਾ ਫਰਕ ਆ ਗਿਆ ਹੈ?
ਸਨੀ ਸਿੰਘ: ਹੁਣ ਤਕਰੀਬਨ 40–50 ਪਰਿਵਾਰ ਹਨ, ਜਿਨ੍ਹਾਂ ਵਿੱਚੋਂ 10–15 ਸਥਾਈ ਤੌਰ ’ਤੇ ਰਹਿੰਦੇ ਹਨ। ਗੁਰੂਘਰ ਵੀ ਬਣ ਗਿਆ ਹੈ, ਰੌਣਕ ਵਧ ਗਈ ਹੈ।

ਪ੍ਰਸ਼ਨ 5: ਤੁਸੀਂ ਕਾਰੋਬਾਰ ਕਰਦੇ ਕਰਦੇ ਸਿਆਸਤ ਵੱਲ ਕਿਵੇਂ ਆਏ?
ਸਨੀ ਸਿੰਘ: 2012 ਤੋਂ ਹੀ ਕਮਿਊਨਿਟੀ ਲਈ ਸੇਵਾ ਕਰਦਾ ਰਿਹਾ – ਕ੍ਰਿਕਟ ਟੀਮ ਬਣਾਈ, ਫੰਕਸ਼ਨ ਕਰਵਾਏ। 2018 ਵਿੱਚ ਭਾਈਚਾਰੇ ਨੇ ਮੈਨੂੰ ਕਿਹਾ ਕਿ ਕੌਂਸਲ ਚੋਣ ਲੜੀਏ। ਮੈਂ ਇੰਡੀਪੈਂਡੈਂਟ ਉਮੀਦਵਾਰ ਵਜੋਂ ਖੜ੍ਹਾ ਹੋਇਆ ਤੇ ਜਿੱਤਿਆ। 2022 ਵਿੱਚ ਵੀ ਇੰਡੀਪੈਂਡੈਂਟ ਵਜੋਂ ਜਿੱਤਿਆ।

ਪ੍ਰਸ਼ਨ 6: 2018 ਦੀ ਚੋਣ ਦੌਰਾਨ ਤੁਹਾਡੇ ਪੋਸਟਰਾਂ ਨਾਲ ਕੋਈ ਘਟਨਾ ਹੋਈ ਸੀ। ਉਸ ਬਾਰੇ ਦੱਸੋ।
ਸਨੀ ਸਿੰਘ: ਹਾਂ, ਇੱਕ ਸ਼ਰਾਰਤੀ ਵਿਅਕਤੀ ਨੇ ਮੇਰੇ ਪੋਸਟਰ ਨਾਲ ਛੇੜਖਾਨੀ ਕੀਤੀ ਤੇ ਵੀਡੀਓ ਬਣਾਈ। ਲੋਕ ਪਰੇਸ਼ਾਨ ਹੋਏ, ਪਰ ਮੈਂ ਸ਼ਾਂਤੀ ਨਾਲ ਰਿਐਕਟ ਕੀਤਾ। ਮੈਂ ਕਦੇ ਨਹੀਂ ਕਿਹਾ ਕਿ ਇੱਥੇ ਅਸੀਂ ਅਨਸੇਫ ਹਾਂ। ਇਸ ਕਾਰਨ ਲੋਕਾਂ ਦਾ ਪਿਆਰ ਹੋਰ ਵਧ ਗਿਆ।

ਪ੍ਰਸ਼ਨ 7: ਕੌਂਸਲਰ ਬਣ ਕੇ ਤੁਹਾਡੇ ਸਾਹਮਣੇ ਕੀ ਚੈਲੇਂਜ ਆਏ?
ਸਨੀ ਸਿੰਘ: ਪਹਿਲਾਂ ਸਿਸਟਮ ਸਮਝਣ ਵਿੱਚ ਮੁਸ਼ਕਲ ਹੋਈ। ਪੋਰਟ ਅਗਸਤਾ ਕੌਂਸਲ ’ਤੇ 30 ਮਿਲੀਅਨ ਦਾ ਕਰਜ਼ਾ ਸੀ। ਪਾਪੂਲੇਸ਼ਨ ਲਗਭਗ 14,000 ਹੈ। ਮੇਰਾ ਮੋਟਿਵ ਸੀ ਕਿ ਟਾਊਨ ਦੀ ਇਮੇਜ ਸੁਧਾਰੀ ਜਾਵੇ – ਗਰੀਨਰੀ ਵਧਾਈ ਜਾਵੇ, ਟਰੀਜ਼ ਲਗਾਏ ਜਾਣ। ਇੱਕ ਵੱਡੀ ਅਚੀਵਮੈਂਟ ਸੀ ਕਿ ਅਸੀਂ ਸਾਊਥ ਆਸਟ੍ਰੇਲੀਆ ਦਾ ਪਹਿਲਾ ਮਿਊਰਲ ਬਣਾਇਆ, ਜਿਸ ਵਿੱਚ ਸਿੱਖ ਸਰਦਾਰ ਤੇ ਪਟਕਾ ਬੰਨ੍ਹਿਆ ਬੱਚਾ ਦਰਸਾਇਆ ਗਿਆ।

ਪ੍ਰਸ਼ਨ 8: ਹੁਣ ਤੁਸੀਂ ਸਟੇਟ ਇਲੈਕਸ਼ਨ ਲਈ ਲਿਬਰਲ ਪਾਰਟੀ ਵੱਲੋਂ ਉਮੀਦਵਾਰ ਹੋ। ਤੁਹਾਡੀਆਂ ਪ੍ਰਾਓਰਟੀਜ਼ ਕੀ ਹਨ? ਦੂਜੀ ਵਾਰ ਚੋਣ ਲੜਨਾ ਕਿਵੇਂ ਵੱਖਰਾ ਸੀ?
ਸਨੀ ਸਿੰਘ: ਮੇਰੀ ਪ੍ਰਾਓਰਟੀ ਹੈ ਕਿ ਪੋਰਟ ਅਗਸਤਾ ਤੇ Giles ਹਲਕੇ ਦੀਆਂ ਲੋਕਲ ਸਮੱਸਿਆਵਾਂ ਹੱਲ ਹੋਣ – ਰੋਜ਼ਗਾਰ, ਇੰਫਰਾਸਟ੍ਰਕਚਰ, ਕਮਿਊਨਿਟੀ ਸਰਵਿਸਿਜ਼। ਮੈਂ ਚਾਹੁੰਦਾ ਹਾਂ ਕਿ ਇਲਾਕੇ ਦੀ ਪਹਿਚਾਣ ਤੇ ਵਿਕਾਸ ਹੋਵੇ।
ਦੂਜੀ ਵਾਰ ਔਖਾ ਹੁੰਦਾ ਹੈ, ਕਿਉਂਕਿ ਪਹਿਲੀ ਵਾਰ ਲੋਕ ਉਮੀਦ ਨਾਲ ਵੋਟ ਪਾਉਂਦੇ ਹਨ। ਦੂਜੀ ਵਾਰ ਉਹ ਤੁਹਾਡੇ ਕੰਮ ਦਾ ਹਿਸਾਬ ਮੰਗਦੇ ਹਨ। ਕੁਝ ਫੈਸਲੇ ਸਾਰੇ ਲੋਕਾਂ ਨੂੰ ਪਸੰਦ ਨਹੀਂ ਆਉਂਦੇ, ਪਰ ਜਿਆਦਾਤਰ ਲੋਕ ਖੁਸ਼ ਰਹੇ। ਇਸ ਕਰਕੇ 2022 ਦੀ ਚੋਣ 2018 ਨਾਲੋਂ ਸੌਖੀ ਸੀ।

ਪ੍ਰਸ਼ਨ 9: ਤੁਹਾਨੂੰ ਕੋਈ ਮੈਂਟਰਸ਼ਿਪ ਮਿਲੀ?
ਸਨੀ ਸਿੰਘ: ਸਿੱਧੀ ਮੈਂਟਰਸ਼ਿਪ ਨਹੀਂ ਮਿਲੀ। ਕੁਝ ਗੋਰੇ ਦੋਸਤਾਂ ਨੇ ਆਸਟ੍ਰੇਲੀਅਨ ਕਲਚਰ ਤੇ ਪੋਲੀਟਿਕਸ ਬਾਰੇ ਗਾਈਡ ਕੀਤਾ। ਬਾਕੀ ਮੈਂ ਖੁਦ ਸਿੱਖਦਾ ਗਿਆ। ਕੌਂਸਲ ਵਿੱਚ ਕ੍ਰਾਈਮ ਦੇ ਮੁੱਦੇ ’ਤੇ ਕਾਫੀ ਸਟਰਗਲ ਕੀਤਾ। ਅਸੀਂ ਸਟੇਟ MPs ਨੂੰ ਲੈਟਰ ਲਿਖਦੇ ਰਹੇ। ਫਿਰ ਸੋਚਿਆ ਕਿ ਜੇ ਅਸੀਂ ਲੈਟਰ ਲਿਖ ਸਕਦੇ ਹਾਂ ਤਾਂ ਖੁਦ ਵੀ ਉੱਥੇ ਜਾ ਸਕਦੇ ਹਾਂ।

ਪ੍ਰਸ਼ਨ 10: ਪੋਰਟ ਅਗਸਤਾ ਦੇ ਮੂਲ ਵਾਸੀਆਂ ਨਾਲ ਤੁਹਾਡਾ ਤਜਰਬਾ ਕਿਵੇਂ ਰਿਹਾ?
ਸਨੀ ਸਿੰਘ: ਬਹੁਤ ਚੰਗਾ। ਉਨ੍ਹਾਂ ਦੇ ਐਲਡਰਸ ਨਾਲ ਮੇਰੇ ਰਿਸ਼ਤੇ ਵਧੀਆ ਹਨ। ਉਨ੍ਹਾਂ ਦੀ ਯੂਥ ਵਿੱਚ ਕ੍ਰਾਈਮ ਵਧ ਰਿਹਾ ਹੈ, ਪਰ ਮੈਂ ਉਨ੍ਹਾਂ ਨੂੰ ਦੋਸ਼ੀ ਨਹੀਂ ਮੰਨਦਾ। ਘਰਾਂ ਵਿੱਚ ਡੋਮੈਸਟਿਕ ਵਾਇਲੈਂਸ ਤੇ ਡਰਿੰਕਿੰਗ ਕਾਰਨ ਬੱਚੇ ਸਟਰੀਟਾਂ ’ਤੇ ਆ ਜਾਂਦੇ ਹਨ। ਪਰ ਓਵਰਆਲ ਉਹ ਚੰਗੇ ਲੋਕ ਹਨ।

ਪ੍ਰਸ਼ਨ 11: ਹੁਣ ਤੁਸੀਂ ਸਟੇਟ ਇਲੈਕਸ਼ਨ ਲੜ ਰਹੇ ਹੋ। ਇਹ ਹਲਕੇ ਦੀ ਹਿਸਟਰੀ ਕੀ ਹੈ?
ਸਨੀ ਸਿੰਘ: ਇਹ Giles ਹਲਕਾ ਹੈ। ਪਹਿਲਾਂ 16 ਸਾਲ ਲਿਬਰਲ ਪਾਰਟੀ ਇੱਥੇ ਜਿੱਤਦੀ ਰਹੀ। 2022 ਵਿੱਚ ਬਾਊਂਡਰੀ ਬਦਲੀ, ਵਾਇਲਾ ਸ਼ਹਿਰ ਵੀ ਜੋੜਿਆ ਗਿਆ। ਉਸ ਵੇਲੇ ਲਿਬਰਲ ਦਾ ਐਮਪੀ ਹਾਰ ਗਿਆ। ਹੁਣ ਉਹ ਰਿਟਾਇਰ ਹੋ ਗਿਆ ਹੈ, ਤੇ ਲਿਬਰਲ ਪਾਰਟੀ ਨੇ ਮੈਨੂੰ ਉਮੀਦਵਾਰ ਬਣਾਇਆ ਹੈ। ਇਸ ਵਾਰ ਤਕਰੀਬਨ 28,000 ਵੋਟਰ ਹਨ।

ਪ੍ਰਸ਼ਨ 12: ਤੁਹਾਡਾ ਚੋਣ ਏਜੰਡਾ ਕੀ ਹੈ?
ਸਨੀ ਸਿੰਘ: ਸਭ ਤੋਂ ਪਹਿਲਾਂ ਕ੍ਰਾਈਮ ਕੰਟਰੋਲ ਦਾ ਏਜੰਡਾ ਹੈ। ਪੁਲਿਸ ਵਧਾਉਣੀ, ਸਜ਼ਾਵਾਂ ਸਖ਼ਤ ਕਰਵਾਉਣੀਆਂ। ਫਿਰ ਕੋਸਟ ਆਫ ਲਿਵਿੰਗ। ਬਿਜਲੀ ਦੇ ਰੇਟ ਬਹੁਤ ਵੱਧ ਗਏ ਹਨ, ਲੋਕ ਅਫੋਰਡ ਨਹੀਂ ਕਰ ਸਕਦੇ। ਨਵੇਂ ਘਰ ਨਹੀਂ ਬਣ ਰਹੇ, ਅਪਰੂਵਲ ਤੇ ਰੈਡ ਟੇਪ ਕਾਰਨ ਲੋਕ ਪਰੇਸ਼ਾਨ ਹਨ। ਪੋਰਟ ਅਗਸਤਾ ਤੇ ਵਾਇਲਾ ਵਰਗੇ ਸ਼ਹਿਰਾਂ ਲਈ ਵਧੀਆ ਸੁਵਿਧਾਵਾਂ ਵੀ ਏਜੰਡੇ ’ਚ ਸ਼ਾਮਲ ਹੈ।

ਪ੍ਰਸ਼ਨ 12: ਪੰਜਾਬੀ ਭਾਈਚਾਰੇ ਦੀਆਂ ਕੁਝ ਗੱਲਾਂ ਵੀ ਹੁੰਦੀਆਂ ਹਨ। ਜਿਵੇਂ ਆਸਟ੍ਰੇਲੀਆ ਦੇ ਸਟੂਡੈਂਟ ਜਾਂ PR ਨੂੰ ਲੈ ਕੇ ਛੋਟੇ ਟਾਊਨਾਂ ਵੱਲ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਜਾਈਏ। ਤਾਂ ਪੋਰਟ ਅਗਸਤਾਂ ਬਾਰੇ ਤੁਹਾਡੀ ਕੀ ਰਾਏ ਹੈ? ਰੁਜ਼ਗਾਰ ਤੇ ਘਰਾਂ ਨੂੰ ਲੈ ਕੇ ਕੀ ਸੰਭਾਵਨਾਵਾਂ ਹਨ?
ਸਨੀ ਸਿੰਘ: ਹਾਂ ਜੀ, ਜਿਵੇਂ ਪਹਿਲਾਂ ਵੀ ਮੈਂ ਦੱਸਿਆ ਕਿ ਕਾਫੀ ਲੋਕ PR ਲੈਣ ਲਈ ਇੱਥੇ ਆਉਂਦੇ ਹਨ। ਜੇ ਤੁਹਾਡੇ ਬੱਚੇ ਛੋਟੇ ਹਨ, ਬਾਰਵੀਂ ਤੋਂ ਥੱਲੇ ਹਨ, ਤਾਂ ਇੱਥੇ ਯੂਨੀਵਰਸਿਟੀ ਨਹੀਂ ਹੈ। ਫਿਊਚਰ ਵਿੱਚ ਬੰਦਿਆਂ ਨੂੰ ਮੂਵ ਹੋਣਾ ਪੈਂਦਾ। ਪਰ ਜੇ ਤੁਸੀਂ ਇੱਕ ਈਜ਼ੀ ਲਾਈਫ ਜੀਣਾ ਚਾਹੁੰਦੇ ਹੋ ਤਾਂ ਇਹ ਬੈਸਟ ਟਾਊਨ ਹੈ। ਇੱਥੇ ਇੱਕ ਵੱਡੀ ਪ੍ਰਿਜ਼ਨ ਹੈ, ਕਾਫੀ ਕੰਮ ਹੈ। ਪੈਟਰੋਲ ਪੰਪ, ਮੋਟਲਸ ਬਹੁਤ ਹਨ। ਕੰਮ ਦੀ ਕੋਈ ਘਾਟ ਨਹੀਂ। ਰਹਿਣ ਲਈ ਵੀ ਚੰਗਾ ਟਾਊਨ ਹੈ। ਘਰ ਵੀ ਸਸਤੇ ਹਨ। ਜੇ ਕੋਈ ਬੰਦਾ ਈਜ਼ੀ ਲਾਈਫ ਚਾਹੁੰਦਾ ਹੈ, ਆਪਣੇ ਆਪ ਤੇ ਬੱਚਿਆਂ ਨੂੰ ਟਾਈਮ ਦੇਣਾ ਚਾਹੁੰਦਾ ਹੈ, ਤਾਂ ਉਹ ਇੱਥੇ ਆ ਕੇ ਟ੍ਰਾਈ ਕਰ ਸਕਦਾ ਹੈ।

ਪ੍ਰਸ਼ਨ 13 : ਦੁਨੀਆਂ ਭਰ ਦੇ ਪੰਜਾਬੀ ਭਾਈਚਾਰੇ ਨੂੰ ਤੁਹਾਡਾ ਕੀ ਸੁਨੇਹਾ ਹੈ? ਆਪਣੀ 17–18 ਸਾਲ ਦੀ ਜਰਨੀ ਵਿੱਚੋਂ ਕੀ ਨਿਚੋੜ ਕੱਢਿਆ?
ਸਨੀ ਸਿੰਘ: ਵੀਰ ਜੀ, ਕੰਟਰੀ ਸਾਈਡ ਰਹਿ ਕੇ 17–18 ਸਾਲਾਂ ਵਿੱਚ ਇਹੀ ਸਿੱਖਿਆ ਕਿ ਆਪਣੀ ਲਾਈਫ ਈਜ਼ੀ ਰੱਖਣੀ ਚਾਹੀਦੀ ਹੈ। ਸਾਰੇ ਨਵੇਂ ਆਉਣ ਵਾਲੇ ਬੱਚੇ ਤੇ ਭੈਣ-ਭਰਾ ਬਹੁਤ ਸਮਝਦਾਰ ਹਨ। ਅਸੀਂ ਸ਼ੁਰੂ ਤੋਂ ਇਹੀ ਕਨਸੈਪਟ ਰੱਖਿਆ ਕਿ ਲਾਈਫ ਈਜ਼ੀ ਰਹੇ। ਇੱਕ ਗੋਰੇ ਨੇ ਮੈਨੂੰ ਵਧੀਆ ਗੱਲ ਸਿਖਾਈ ਸੀ ਕਿ ਐਸਟਸ ਦੇ ਪਿੱਛੇ ਇਨਾ ਨਹੀਂ ਭੱਜਣਾ ਕਿ ਤੁਹਾਨੂੰ ਆਪਣੇ ਲਿਵਿੰਗ ਸਟੈਂਡਰਡ ਨਾਲ ਕੰਪਰੋਮਾਈਜ਼ ਕਰਨਾ ਪਵੇ। ਇਸ ਸੋਚ ਕਰਕੇ ਸਾਨੂੰ ਲੋਕਾਂ ਲਈ ਕਾਫੀ ਟਾਈਮ ਮਿਲਦਾ ਰਿਹਾ। ਜੇ ਕੋਈ ਕਮਿਊਨਿਟੀ ਦਾ ਮਸਲਾ ਹੁੰਦਾ ਸੀ ਤਾਂ ਅਸੀਂ ਸਭ ਤੋਂ ਪਹਿਲਾਂ ਪਹੁੰਚਦੇ ਸੀ ਕਿਉਂਕਿ ਅਸੀਂ ਕਿਸੇ ਰੇਸ ਵਿੱਚ ਨਹੀਂ ਸੀ। ਬਾਕੀ ਕੁਦਰਤ ਦਾ ਅਸੂਲ ਹੈ ਕਿ ਜਦੋਂ ਬੰਦਾ ਆਪਣੀ ਕਿਰਤ ਕਰਦਾ ਰਹਿੰਦਾ ਹੈ ਤਾਂ ਐਸਟਸ ਆਪੇ ਹੀ ਜੁੜ ਜਾਂਦੇ ਹਨ। ਜਿੰਨੀ ਮਿਹਨਤ ਕਰਦਾ ਹੈ, ਉਨੇ ਹੀ ਐਸਟ ਉਸਦੀ ਝੋਲੀ ਵਿੱਚ ਪੈਂਦੇ ਹਨ।