ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ਇਮੀਗਰੇਸ਼ਨ ਡਿਟੈਨਸ਼ਨ ਸਿਸਟਮ ਲਈ ਤਿੰਨ ਬਿਲੀਅਨ ਡਾਲਰ ਤੋਂ ਵੱਧ ਦੇ ਠੇਕੇ ਮੈਨੇਜਮੈਂਟ ਐਂਡ ਟ੍ਰੇਨਿੰਗ ਕਾਰਪੋਰੇਸ਼ਨ (MTC) ਆਸਟ੍ਰੇਲੀਆ ਨੂੰ ਦਿੱਤੇ ਹਨ। ਇਹ ਕੰਪਨੀ ਅਮਰੀਕਾ ਦੀ ਇੱਕ ਪ੍ਰਾਈਵੇਟ ਜੇਲ੍ਹ ਆਪਰੇਟਰ ਹੈ ਜਿਸਦਾ ਰਿਕਾਰਡ ਕਾਫ਼ੀ ਵਿਵਾਦਿਤ ਰਿਹਾ ਹੈ, ਜਿਸ ਨਾਲ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨੀਤੀ ’ਤੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਟਰੰਪ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ICE ਮੁਹਿੰਮ ’ਚ ਵੀ ਇਸ ਆਪਰੇਟਰ ਦਾ ਯੋਗਦਾਨ ਰਿਹਾ ਹੈ।
MTC ਨੂੰ Nauru ਵਿੱਚ ਆਸਟ੍ਰੇਲੀਆ ਦਾ ਆਖ਼ਰੀ ਆਫ਼ਸ਼ੋਰ ਪ੍ਰੋਸੈਸਿੰਗ ਸੈਂਟਰ ਚਲਾਉਣ ਲਈ 790 ਮਿਲੀਅਨ ਡਾਲਰ ਦਾ ਠੇਕਾ ਪਹਿਲਾਂ ਹੀ ਮਿਲਿਆ ਹੋਇਆ ਹੈ (2023–27)। ਇਸ ਤੋਂ ਇਲਾਵਾ, Ventia ਨਾਲ ਭਾਈਵਾਲੀ ਵਿੱਚ, MTC ਨੂੰ 2.3 ਬਿਲੀਅਨ ਡਾਲਰ ਦਾ ਠੇਕਾ ਮਿਲਿਆ ਹੈ (2024–31) ਜਿਸ ਅਧੀਨ ਉਹ ਆਸਟ੍ਰੇਲੀਆ ਦੇ ਜ਼ਿਆਦਾਤਰ ਡਿਟੈਨਸ਼ਨ ਸੈਂਟਰ ਚਲਾਏਗੀ।
ਮਨੁੱਖੀ ਅਧਿਕਾਰ ਸੰਸਥਾਵਾਂ ਨੇ ਇਸ ਫ਼ੈਸਲੇ ਦੀ ਨਿੰਦਾ ਕੀਤੀ ਹੈ। ਉਹ ਕਹਿੰਦੇ ਹਨ ਕਿ MTC ਦੇ ਅਮਰੀਕਾ ਵਿੱਚ ਚਲਾਏ ਗਏ ਸੈਂਟਰਾਂ ਵਿੱਚ ਭੀੜ, ਇਕਾਂਤਵਾਸ, ਮੈਡੀਕਲ ਲਾਪਰਵਾਹੀ ਅਤੇ ਕੈਦੀਆਂ ਦੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਅਮਰੀਕੀ ਸਰਕਾਰੀ ਆਡਿਟਾਂ ਨੇ ਵੀ ਸਟਾਫ਼ ਦੀ ਘਾਟ ਅਤੇ ਸੁਰੱਖਿਆ ਦੀਆਂ ਖਾਮੀਆਂ ਨੂੰ ਉਜਾਗਰ ਕੀਤਾ ਹੈ।
ਪਰ ਆਸਟ੍ਰੇਲੀਆ ਸਰਕਾਰ ਦਾ ਕਹਿਣਾ ਹੈ ਕਿ MTC ਨੇ ਸਾਰੇ ਜਾਂਚ ਅਤੇ ਪ੍ਰਦਰਸ਼ਨ ਮਾਪਦੰਡ ਪੂਰੇ ਕੀਤੇ ਹਨ ਅਤੇ ਇੱਕ ਸੁਤੰਤਰ ਰਿਪੋਰਟ ਨੇ 2023 ਵਿੱਚ “ਕਾਨੂੰਨੀ ਅਤੇ ਮਨੁੱਖੀ ਅਧਿਕਾਰ ਮਾਪਦੰਡਾਂ ਨਾਲ ਵਿਆਪਕ ਤੌਰ ’ਤੇ ਅਨੁਕੂਲਤਾ” ਦਰਸਾਈ ਸੀ।





