ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ’ਚ ਹੁਣ ਤੱਕ ਨਸ਼ੇ ਦੀ ਸਮਗਲਿੰਗ ਦੇ ਸਭ ਤੋਂ ਵੱਡੇ ਮੰਨੇ ਜਾਣ ਕੇਸ ’ਚ ਇੱਕ ਸਾਬਤ-ਸੂਰਤ ਬਲਤੇਜ ਸਿੰਘ (32) ਦਾ ਨਾਂ ਅਦਾਲਤੀ ਦੇ ਗਲਿਆਰਿਆਂ ’ਚੋਂ ਨਿਕਲ ਜਗ-ਜ਼ਾਹਰ ਹੋਣ ਨਾਲ ਇੱਕ ਵਾਰ ਫਿਰ ਦੁਨੀਆ ਭਰ ’ਚ ਬੈਠੇ ਸਿੱਖ ਭਾਈਚਾਰੇ ਦੇ ਪੱਲੇ ਨਮੋਸ਼ੀ ਪਈ ਹੈ।
ਕੁੱਝ ਸਾਲ ਪਹਿਲਾਂ ਕੇਸ ਸਾਹਮਣੇ ਆਉਣ ਪਿੱਛੋਂ ਦੁਬਈ ਭੱਜਣ ਵਾਸਤੇ ਟਿਕਟ ਕਟਾਈ ਬੈਠੇ ਬਲਤੇਜ ਸਿੰਘ ਨੂੰ ਜਦੋਂ ਨਿਊਜ਼ੀਲੈਂਡ ਪੁਲੀਸ ਨੇ ਆਕਲੈਂਡ ਏਅਰਪੋਰਟ ’ਤੇ ਗ੍ਰਿਫ਼ਤਾਰ ਕੀਤਾ ਸੀ ਤਾਂ ਇੰਡੀਅਨ ਮੀਡੀਆ ਨੇ ਉਸੇ ਵੇਲੇ ਉਸ ਦੇ ਨਾਂ ਦਾ ਖੁਲਾਸਾ ਕਰ ਦਿੱਤਾ ਸੀ ਕਿ ਮੁਲਜ਼ਮ ਸਾਬਕਾ ਇੰਡੀਅਨ ਪ੍ਰਾਈਮ ਮਨਿਸਟਰ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਸਤਵੰਤ ਸਿੰਘ ਦਾ ਭਤੀਜਾ ਹੈ।
ਹਾਲਾਂਕਿ ਬਲਤੇਜ ਸਿੰਘ ਦੇ ਪਰਿਵਾਰ ਨੇ ਉਸ ਦਾ ਨਾਂ ਗੁਪਤ ਰੱਖਣ ਲਈ ਲੰਬੀ ਕਾਨੂੰਨੀ ਲੜਾਈ ਲੜੀ ਸੀ, ਪਰ ਅਖੀਰ ਪਿੱਛੇ ਹਟ ਗਿਆ ਜਾਂ ਹਟਣ ਲਈ ਮਜਬੂਰ ਹੋ ਗਿਆ। ਪਰ ਅਦਾਲਤ ਵੱਲੋਂ ਸੁਣਾਈ ਜਾ ਚੁੱਕੀ 22 ਸਾਲ ਦੀ ਕੈਦ ਭੁਗਤ ਰਹੇ ਬਲਤੇਜ ਦੇ ਕੇਸ ਨਾਲ ਜੁੜੇ ਸਵਾਲ ਅਜੇ ਜਿਉਂ ਦੀ ਜਿਉਂ ਹਨ ਕਿ ਕੀ ਉਹ ਇਕੱਲਾ ਅਜਿਹਾ ਕਾਰਾ ਕਰ ਸਕਦਾ ਸੀ? ਉਸ ਦੇ ਨੈੱਟਵਰਕ ’ਚ ਹੋਰ ਕਿਹੜੇ-ਕਿਹੜੇ ਲੋਕ ਸਨ? ਕਿਉਂਕਿ ਅਜਿਹੇ ਗੋਰਖਧੰਦੇ ਅਕਸਰ ਗਰੁੱਪ ਦੇ ਰੂਪ ’ਚ ਹੁੰਦੇ ਹਨ। ਕੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਉਸ ਨੂੰ ਨਹੀਂ ਸਮਝਾਇਆ? ਕੀ ਅਜਿਹੇ ਕਾਲੇ ਧੰਦੇ ਪਰਿਵਾਰ ਦੀ ਸਹਿਮਤੀ ਤੋਂ ਬਿਨਾ ਪੂਰੇ ਹੋ ਸਕਦੇ ਹਨ? ਕੀ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਉਹ ਜਿਸ ਰਾਹ ’ਤੇ ਤੁਰ ਰਿਹਾ ਸੀ, ਉਹ ਗੁਰਾਂ ਵੱਲੋਂ ਬਖਸ਼ੀ ਹੋਈ ਦਸਤਾਰ ਵਾਲੇ ਲੋਕਾਂ ਨੂੰ ਨਹੀਂ ਕਰਨੇ ਚਾਹੀਦੇ?
ਬਲਤੇਜ ਦੇ ਚਾਚੇ ਸਤਵੰਤ ਸਿੰਘ ਨੂੰ ਸਿੱਖਾਂ ਦਾ ਬਹੁਤ ਵੱਡਾ ਹਿੱਸਾ, “ਸ਼ਹੀਦ” ਦਾ ਦਰਜਾ ਦਿੰਦਾ ਹੈ। ਕਈ ਸਿੱਖ ਤਾਂ ਇਹ ਵੀ ਮੰਨਦੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲੇ ਦਾ ਬਦਲਾ ਲੈ ਕੇ ਸਤਵੰਤ ਸਿੰਘ (22 ਕੁ ਸਾਲ ਦੀ ਉਮਰ ’ਚ) ਨੇ ਕੌਮ ਦੀ ਪੱਗ ਨੂੰ ਸਤਿਕਾਰ ਬਖਸ਼ਿਆ ਸੀ। ਇੱਥੋਂ ਤੱਕ ਕਿ ਉਸ ਦੀ ਮੰਗੇਤਰ ਸੁਰਿੰਦਰ ਕੌਰ (ਹੁਣ ਮਰਹੂਮ) ਨੇ ਵੀ ਉਸ ਦੀ ਫੋਟੋ ਨਾਲ ਵਿਆਹ ਕਰਵਾ ਦ੍ਰਿੜ ਇਰਾਦੇ ਦਾ ਸਬੂਤ ਦਿੱਤਾ ਸੀ।
ਪਰ ਹੁਣ ਸਵਾਲ ਹੈ ਕਿ ਉਸ ਦੇ ਭਤੀਜੇ ਨੇ ਇਸ ਗੱਲ ਦੀ ਭੋਰਾ ਵੀ ਪ੍ਰਵਾਹ ਨਹੀਂ ਕੀਤੀ ਕਿ ਉਸ ਦੇ ਚਾਚੇ ਦਾ ਦੁਨੀਆ ਭਰ ਦੇ ਸਿੱਖਾਂ ’ਚ ਕਿੰਨਾ ਸਤਿਕਾਰ ਹੈ ਤੇ ਉਹ ਖੁਦ ਕਿਹੜੇ ਰਾਹ ਪੈ ਗਿਆ ਹੈ? ਇਸ ਦੀ ਜਿਊਂਦੀ ਜਾਗਦੀ ਮਿਸਾਲ ਸਤਵੰਤ ਸਿੰਘ ਦੇ ਸਾਥੀ, ਬੇਅੰਤ ਸਿੰਘ ਹਨ, ਜਿਨ੍ਹਾਂ ਦੇ ਪਿਓ ਸ. ਸੁੱਚਾ ਸਿੰਘ ਮਲੋਆ (ਬਠਿੰਡਾ) ਤੇ ਪਤਨੀ ਬਿਮਲ ਕੌਰ ਖਾਲਸਾ (ਰੋਪੜ) ਨੂੰ ਸੰਨ 1989 ’ਚ ਪਾਰਲੀਮੈਂਟ (ਲੋਕ ਸਭਾ) ਦੀ ਚੋਣ ਜਿਤਾਈ ਸੀ ਤੇ ਹੁਣ ਫਿਰ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਨੂੰ ਫਰੀਦਕੋਟ ਹਲਕੇ ਦੇ ਲੋਕਾਂ ਨੇ ਕੁੱਝ ਮਹੀਨੇ ਪਹਿਲਾਂ ਲੋਕ ਸਭਾ ਵਾਸਤੇ ਪਾਰਲੀਮੈਂਟ ਦੀ ਨੁਮਾਇੰਦਗੀ ਦਿੱਤੀ ਹੈ।
ਸਵਾਲ ਇਹ ਹੈ ਕੀ ਜੇ ਸਤਵੰਤ ਸਿੰਘ ਦਾ ਭਤੀਜਾ ਸਹੀ ਰਸਤੇ ਤਾਂ ਤੁਰਦਾ ਤਾਂ ਕੀ ਉਸਨੂੰ ਲੋਕਾਂ ਵੱਲੋਂ ਹੁੰਗਾਰਾ ਨਾ ਮਿਲਦਾ? ਆਖ਼ਰ ਮਾਇਆ ਦੀ ਕਿਹੜੀ ਭੁੱਖ ਸੀ, ਜਿਸ ਨੇ ਉਸ ਨੂੰ ਅਜਿਹੇ ਰਾਹ ਵੱਲ ਤੋਰ ਦਿੱਤਾ, ਜਿੱਥੇ ਚਾਰੇ ਪਾਸੇ ਬਦਨਾਮੀ ਤੇ ਨਮੋਸ਼ੀ ਹੀ ਹੈ।
ਖ਼ੈਰ! ਅਫ਼ਸੋਸ ਹੈ ਕਿ ਇਹ ਘਟਨਾ ਨਿਊਜ਼ੀਲੈਂਡ ਦੇ ਸਿੱਖ ਇਤਿਹਾਸ ’ਚ “ਕਾਲੇ ਪੰਨੇ” ਵਜੋਂ ਦਰਜ ਹੋ ਚੁੱਕੀ ਹੈ। ਦਸਤਾਰਾਂ ਵਾਲੇ ਜਦੋਂ ਨਿਊਜ਼ੀਲੈਂਡ ’ਚ ਚੰਗਾ ਕੰਮ ਕਰਦੇ ਹਨ ਤਾਂ ਪੂਰੀ ਦੁਨੀਆ ’ਚ ਵਾਹ-ਵਾਹ ਹੁੰਦੀ ਹੈ। ਪਰ ਦਸਤਾਰ ਬੰਨ੍ਹ ਕੇ ਘਿਣਾਉਣਾ ਕੰਮ ਕਰਨ ਵਾਲੀ ਇਸ ਘਟਨਾ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਝੰਜੋੜਿਆ ਹੈ। ਸਿੱਖ ਭਾਈਚਾਰੇ ਅਕਸ ਨੂੰ ਵੱਡੀ ਢਾਅ ਲੱਗੀ ਹੈ, ਜਿਸ ਦੀ ਭਰਪਾਈ ਲਈ ਸੁਹਿਰਦ ਕੰਮ ਕਰਨ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ ਤਾਂ ਜੋ ਇਹ ਲੱਗ ਚੁੱਕਾ ਦਾਗ਼ ਸਿਰਫ਼ ਤੇ ਸਿਰਫ਼ ਚੰਗੇ ਕੰਮਾਂ ਨਾਲ ਧੋਤਾ ਜਾ ਸਕੇ।





