ਮੈਲਬਰਨ : ਆਸਟ੍ਰੇਲੀਆ ਵਿੱਚ ਇੱਕ ਭਾਰਤੀ ਡਿਲਿਵਰੀ ਡਰਾਈਵਰ ਨੇ ਦੋ ਲੁਟੇਰਿਆਂ ਦਾ ਇਕੱਲਾ ਹੀ ਮੁਕਾਬਲਾ ਕਰ ਕੇ ਇੰਡੀਅਨ ਲੋਕਾਂ ਦੀ ਹਿੰਮਤ ਦਾ ਝੰਡਾ ਲਹਿਰਾਇਆ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲਾਲ ਟੀ-ਸ਼ਰਟ ਪਾਈ ਡਰਾਈਵਰ ਨੂੰ ਮੈਲਬਰਨ ਦੇ Scoresby ਸਥਿਤ ਇਕ ਸਰਵਿਸ ਸਟੇਸ਼ਨ ’ਤੇ ਦੋ ਗੁੰਡੇ ਲੁੱਟਣ ਆਏ ਸਨ, ਪਰ ਉਸ ਨੇ ਹਾਰ ਮੰਨਣ ਦੀ ਬਜਾਏ ਸ਼ੇਰ ਵਾਂਗ ਲੜਾਈ ਕੀਤੀ। ਵੀਡੀਓ ਵਿੱਚ ਉਹ ਦੋਹਾਂ ਨੂੰ ਲੱਤਾਂ ਅਤੇ ਮੁੱਕੇ ਮਾਰ ਕੇ ਪਿੱਛੇ ਹਟਾਉਂਦਾ ਦਿਖਾਈ ਦਿੰਦਾ ਹੈ। ਵੀਡੀਓ ਫ਼ੇਸਬੁਕ ’ਤੇ ਸਭ ਤੋਂ ਪਹਿਲਾਂ Andre Octavio ਨੇ ਸਾਂਝੀ ਕੀਤੀ ਸੀ ਜਿਸ ਦੀ ਧੀ ਨੇ ਇਹ ਵੀਡੀਓ ਬਣਾਈ ਸੀ।
ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਲੰਚ ਬਰੇਕ ’ਤੇ ਸਾਹਿਲ ਨਾਂ ਦੇ ਡਰਾਈਵਰ ਨੂੰ ਗੁੰਡੇ ਆ ਕੇ ਨਸਲੀ ਗਾਲ੍ਹਾਂ ਕੱਢਣ ਲੱਗੇ ਅਤੇ ਉਸ ਤੋਂ ਟਰੱਕ ਦੀ ਚਾਬੀ ਮੰਗਣ ਲੱਗੇ। ਜਦੋਂ ਉਨ੍ਹਾਂ ਨੇ ਸਾਹਿਲ ਨਾਲ ਹਿੰਸਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਹਿਲ ਨੇ ਉਲਟਾ ਉਨ੍ਹਾਂ ’ਤੇ ਹੀ ਹਮਲਾ ਕਰ ਦਿੱਤਾ। ਬਾਅਦ ਵਿੱਚ ਉਸ ਦਾ ਇੱਕ ਇੰਡੀਅਨ ਦੋਸਤ ਵੀ ਮਦਦ ਲਈ ਆ ਗਏ ਅਤੇ ਉਨ੍ਹਾਂ ਨੇ ਮਿਲ ਕੇ ਲੁਟੇਰਿਆਂ ਨੂੰ ਭੱਜਣ ’ਤੇ ਮਜਬੂਰ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਦੌਰਾਨ ਲੋਕਾਂ ਨੇ ਉਸ ਦੀ ਤੁਲਨਾ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨਾਲ ਕੀਤੀ ਅਤੇ ਕਿਹਾ ਕਿ ‘ਦਾਲ-ਚਾਵਲ ਦੀ ਤਾਕਤ’ ਨੇ ਗੋਰਿਆਂ ਨੂੰ ਸਬਕ ਸਿਖਾਇਆ। ਵੀਡੀਓ ਨੂੰ ਹਜ਼ਾਰਾਂ ਲਾਈਕ ਅਤੇ ਲੱਖਾਂ ਵਿਊਜ਼ ਮਿਲ ਰਹੇ ਹਨ। ਇਹ ਘਟਨਾ ਭਾਰਤੀ ਜਜ਼ਬੇ ਅਤੇ ਹਿੰਮਤ ਦੀ ਜਿਊਂਦੀ-ਜਾਗਦੀ ਮਿਸਾਲ ਬਣ ਗਈ ਹੈ।





