ਕੈਨਬਰਾ: ਪ੍ਰਧਾਨ ਮੰਤਰੀ Anthony Albanese ਨੇ ਦੇਸ਼ ’ਚ ਵਧ ਰਹੇ ਫਿਊਲ ਸੰਕਟ ‘ਤੇ ਨੈਸ਼ਨਲ ਕੈਬਿਨੇਟ ਦੀ ਮੀਟਿੰਗ ਸੱਦੀ ਹੈ। ਮੀਡੀਆ ਨਾਲ ਗੱਲਬਾਤ ’ਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆ ਕੋਲ ਇਸ ਸਮੇਂ ਪਿਛਲੇ 15 ਸਾਲਾਂ ਵਿੱਚ ਸਭ ਤੋਂ ਵੱਧ ਫਿਊਲ ਰਿਜ਼ਰਵ ਹਨ ਅਤੇ ਹੋਰ ਸਪਲਾਈ ਯੋਜਨਾ ਅਨੁਸਾਰ ਜਹਾਜ਼ਾਂ ਰਾਹੀਂ ਪਹੁੰਚ ਰਹੀ ਹੈ। Albanese ਨੇ ਭਰੋਸਾ ਦਿਵਾਇਆ ਕਿ ਸਰਕਾਰ ਹਰ ਸੰਭਾਵੀ ਸਥਿਤੀ ਲਈ ਤਿਆਰੀ ਕਰ ਰਹੀ ਹੈ ਅਤੇ ਦੱਖਣੀ ਕੋਰੀਆ ਨਾਲ ਡੀਜ਼ਲ ਸਪਲਾਈ ਯਕੀਨੀ ਬਣਾਉਣ ਲਈ ਗੱਲਬਾਤ ਜਾਰੀ ਹੈ।
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਹੋਬਾਰਟ ਤੋਂ ਨੈਸ਼ਨਲ ਕੈਬਿਨੇਟ ਦੀ ਵਰਚੁਅਲ ਮੀਟਿੰਗ ਵਿੱਚ ਹਰ ਸਟੇਟ ਅਤੇ ਟੈਰੀਟਰੀ ਤੋਂ ਇੱਕ ਅਧਿਕਾਰੀ ਨਿਯੁਕਤ ਕਰਨ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਫਿਊਲ ਸਪਲਾਈ ’ਤੇ ਸਹਿਯੋਗ ਬਣਾਇਆ ਜਾ ਸਕੇ। ਉਨ੍ਹਾਂ ਨੇ ਮੰਨਿਆ ਕਿ ਡੀਜ਼ਲ ਦੀ ਮੰਗ ਵਿੱਚ ਅਚਾਨਕ ਵਾਧਾ ਹੋਣ ਕਾਰਨ ਕੁਝ ਖੇਤਰਾਂ ਵਿੱਚ ਘਾਟ ਪੈਦਾ ਹੋਈ ਹੈ।
ਅਲਬਾਨੀਜ਼ ਨੇ ਇਹ ਵੀ ਸਪਸ਼ਟ ਕੀਤਾ ਕਿ ਸਰਕਾਰ ਉਪਭੋਗਤਾ ਵਾਚਡੌਗ ਨੂੰ ਹਦਾਇਤ ਕਰੇਗੀ ਕਿ ਜੇਕਰ ਕੋਈ ਪੈਟਰੋਲ ਪੰਪ ਗਲਤ ਤਰੀਕੇ ਨਾਲ ਵਾਧੂ ਕੀਮਤਾਂ ਵਸੂਲ ਕਰਦਾ ਹੈ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਘਬਰਾਹਟ ਵਿੱਚ ਖਰੀਦਦਾਰੀ ਨਾ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੈਟਰੋਲ ਪੰਪਾਂ ‘ਤੇ ਸਿਰਫ਼ ਜਿੰਨਾ ਲੋੜੀਂਦਾ ਹੋਵੇ, ਓਨਾ ਹੀ ਫਿਊਲ ਲਿਆ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ, ‘‘ਸੋਚੋ ਹੋਰਾਂ ਬਾਰੇ ਵੀ। ਚੰਗੇ ਗੁਆਂਢੀ ਬਣੋ, ਚੰਗੇ ਆਸਟ੍ਰੇਲੀਅਨ ਬਣੋ। ਸਿਰਫ਼ ਜਿੰਨਾ ਲੋੜ ਹੈ ਓਨਾ ਹੀ ਲਵੋ। ਕੁਝ ਥਾਵਾਂ ’ਤੇ ਮੰਗ ਦੋਗੁਣੀ ਹੋ ਗਈ ਹੈ, ਇਹ ਨਹੀਂ ਹੋਣਾ ਚਾਹੀਦਾ।’’
ਇਸ ਸੰਕਟ ਦੇ ਮੱਦੇਨਜ਼ਰ, ਅਲਬਾਨੀਜ਼ ਨੇ ਕਿਹਾ ਕਿ ਆਸਟ੍ਰੇਲੀਆ ਨੂੰ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਦੀ ਲੋੜ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਦੇਸ਼ ਨੂੰ ਆਲਮੀ ਅਨਿਸ਼ਚਿਤਤਾ ਦੇ ਅਸਰਾਂ ਤੋਂ ਬਚਾਉਣ ਲਈ ਸਰਕਾਰ ਵੱਲੋਂ ਹੋਰ ਕਦਮ ਚੁੱਕੇ ਜਾਣਗੇ।





