ਮੈਲਬਰਨ : ਨਿਊ ਸਾਊਥ ਵੇਲਜ਼ ਪੁਲਿਸ ਨੇ ਇੱਕ ਕੇਸਧਾਰੀ ਟਰੱਕ ਡਰਾਈਵਰ ਨੂੰ ਛੇ ਦੋਸ਼ਾਂ ਵਿੱਚ ਚਾਰਜ ਕੀਤਾ ਹੈ। Chinderah ਵਿੱਚ ਇੱਕ ਬੀ-ਡਬਲ ਟਰੱਕ ਨੂੰ ਰੋਕਣ ਤੋਂ ਬਾਅਦ ਡਰਾਈਵਰ ’ਤੇ ਛੇ ਗੰਭੀਰ ਦੋਸ਼ ਲਗਾਏ ਗਏ ਹਨ। ਪੁਲਿਸ ਅਤੇ ਨੈਸ਼ਨਲ ਹੈਵੀ ਵਹੀਕਲ ਰੈਗੂਲੇਟਰ (NHVR) ਨੇ ਜਾਂਚ ਦੌਰਾਨ ਪਾਇਆ ਕਿ ਟਰੱਕ ਲਾਜ਼ਮੀ ਮਾਪਦੰਡਾਂ ਦੇ ਉਲੰਘਣ ਵਿੱਚ ਚੱਲ ਰਿਹਾ ਸੀ। ਡਰਾਈਵਰ ਨੇ ਪਹਿਲਾਂ ਤਾਂ ਆਪਣੇ ਕੋਲ ਕੰਮ ਦੀ ਡਾਇਰੀ ਨਾ ਹੋਣ ਦਾ ਦਾਅਵਾ ਕੀਤਾ ਗਿਆ, ਪਰ ਜਾਂਚ ਦੌਰਾਨ ਡਾਇਰੀ ਉਸ ਕੋਲੋਂ ਹੀ ਮਿਲੀ ਜੋ ਕਾਨੂੰਨ ਦੀ ਉਲੰਘਣਾ ’ਚ ਸਨ।
ਇਸ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਦਾ ਬੈਗ ਚੈੱਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਵੀ ਡਰਾਈਵਰ ਨੇ ਵਿਰੋਧ ਕੀਤਾ ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਚੈੱਕ ਕਰਨ ’ਤੇ ਬੈਗ ਵਿੱਚੋਂ ਇੱਕ ਪਾਈਪ ਅਤੇ ਲਗਭਗ 1 ਗ੍ਰਾਮ ਨਸ਼ੀਲੀ ਦਵਾਈ ਮੈਥਐਮਫੈਟਾਮੀਨ ਮਿਲੀ। ਬਾਅਦ ਵਿੱਚ ਉਸ ਦੇ ਥੁੱਕ ਦੇ ਟੈਸਟ ਵਿੱਚ ਵੀ ਮੈਥਐਮਫੈਟਾਮੀਨ ਦੀ ਪੁਸ਼ਟੀ ਹੋਈ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਕੁਝ ਲੋਕ ਸਿੱਖ ਭਾਈਚਾਰੇ ਨਾਲ ਵਿਤਕਰੇ ਦੇ ਰੂਪ ਵਿੱਚ ਵੀ ਵੇਖ ਰਹੇ ਹਨ।
ਡਰਾਈਵਰ ’ਤੇ ਝੂਠਾ ਬਿਆਨ ਦੇਣ, ਲਾਜ਼ਮੀ ਜਾਣਕਾਰੀ ਨਾ ਦਰਜ ਕਰਨ, ਵੱਧ ਸਮੇਂ ਤੱਕ ਡਰਾਈਵਿੰਗ ਕਰਨ, ਪੁਲਿਸ ਦਾ ਵਿਰੋਧ ਕਰਨ ਅਤੇ ਨਸ਼ੀਲੀ ਦਵਾਈ ਰੱਖਣ ਦੇ ਦੋਸ਼ ਲਗੇ ਹਨ। ਉਸ ਨੂੰ 24 ਘੰਟਿਆਂ ਲਈ ਡਰਾਈਵਿੰਗ ਤੋਂ ਰੋਕਿਆ ਗਿਆ ਅਤੇ ਸ਼ਰਤਾਂ ’ਤੇ ਜ਼ਮਾਨਤ ਦਿੱਤੀ ਗਈ। ਕੇਸ ਅਪ੍ਰੈਲ 13, 2026 ਨੂੰ ਟਵੀਡ ਹੈਡਜ਼ ਲੋਕਲ ਕੋਰਟ ਵਿੱਚ ਸੁਣਿਆ ਜਾਵੇਗਾ।





