ਮੈਲਬਰਨ : ਆਸਟ੍ਰੇਲੀਆ ਅਤੇ ਕੈਨੇਡਾ ਨੇ ਮਹੱਤਵਪੂਰਨ ਖਣਿਜਾਂ ’ਤੇ ਨਵੇਂ ਸਮਝੌਤੇ ਕੀਤੇ ਹਨ। ਪਿਛਲੇ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਆਸਟ੍ਰੇਲੀਆ ਦੌਰੇ ’ਤੇ ਆਏ ਸਨ ਜਦੋਂ ਉਨ੍ਹਾਂ ਨੇ ਸਿਡਨੀ ਵਿੱਚ ਆਸਟ੍ਰੇਲੀਅਨ ਸੰਸਦ ਨੂੰ ਵੀ ਸੰਬੋਧਨ ਕੀਤਾ, ਜੋ 2007 ਤੋਂ ਬਾਅਦ ਪਹਿਲੀ ਵਾਰ ਕਿਸੇ ਕੈਨੇਡੀਅਨ ਨੇ ਕੀਤਾ। ਦੋਵੇਂ ਦੇਸ਼ਾਂ ਨੇ ‘ਮਿਡਲ ਪਾਵਰਜ਼’ ਵਜੋਂ ਇਕੱਠੇ ਹੋ ਕੇ ਗਲੋਬਲ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।
ਆਸਟ੍ਰੇਲੀਆ ਨੇ ਕੈਨੇਡਾ ਦੀ G7 ਕਰਿਟਿਕਲ ਮਿਨਰਲਜ਼ ਪ੍ਰੋਡਕਸ਼ਨ ਅਲਾਇੰਸ ਵਿੱਚ ਸ਼ਾਮਲ ਹੋਣ ਦਾ ਵੀ ਐਲਾਨ ਕੀਤਾ। ਦੋਵੇਂ ਦੇਸ਼ ਲਿਥੀਅਮ, ਯੂਰੇਨੀਅਮ ਅਤੇ ਆਇਰਨ ਕੱਚੀ ਧਾਤ ਦੇ ਵੱਡੇ ਉਤਪਾਦਕ ਹਨ, ਜੋ ਸੈਮੀਕੰਡਕਟਰ ਅਤੇ ਰੱਖਿਆ ਖੇਤਰ ਲਈ ਜ਼ਰੂਰੀ ਹਨ। ਪੱਛਮੀ ਦੇਸ਼ ਚੀਨ ’ਤੇ ਨਿਰਭਰਤਾ ਘਟਾਉਣ ਲਈ ਸਪਲਾਈ ਚੇਨ ਨੂੰ ਵੱਖ-ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਸਟ੍ਰੇਲੀਆ ਨੇ 1.2 ਬਿਲੀਅਨ ਡਾਲਰ ਨਾਲ ਖਣਿਜਾਂ ਦਾ ਸਟਾਕਪਾਇਲ ਬਣਾਉਣ ਦੀ ਯੋਜਨਾ ਬਣਾਈ ਹੈ, ਜਿਸ ਨੂੰ ਹੁਣ ਕੈਨੇਡਾ ਦੇ ਰੱਖਿਆ ਸਟਾਕਪਾਇਲ ਨਾਲ ਜੋੜਿਆ ਜਾਵੇਗਾ। ਦੋਵੇਂ ਲੀਡਰਾਂ ਨੇ ਰੱਖਿਆ, ਵਪਾਰ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਵਿੱਚ ਵੀ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ।





