ਮੈਲਬਰਨ : ਆਸਟ੍ਰੇਲੀਆ ਵਿੱਚ ਸਰਕਾਰੀ ਸਕੂਲਾਂ ਦੀ ਪੜ੍ਹਾਈ ਹੁਣ ਗਰੀਬ ਪਰਿਵਾਰਾਂ ਲਈ ਬਹੁਤ ਮਹਿੰਗੀ ਹੋ ਗਈ ਹੈ। Swinburne University ਦੀ ਤਾਜ਼ਾ ਰਿਪੋਰਟ ਅਨੁਸਾਰ, ਇੱਕ ਬੱਚੇ ਨੂੰ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਜਮਾਤ ਤੱਕ ਪੜ੍ਹਾਉਣ ਲਈ ਲਗਭਗ 108,870 ਡਾਲਰ ਖਰਚ ਆਉਂਦਾ ਹੈ। ਇਹ ਖਰਚੇ ਯੂਨੀਫਾਰਮ, ਕਿਤਾਬਾਂ, ਟੈਕਨੋਲੋਜੀ ਅਤੇ ਸਕੂਲੀ ਗਤੀਵਿਧੀਆਂ ਕਾਰਨ ਵੱਧ ਰਹੇ ਹਨ।
ਵਿਕਟੋਰੀਆ ਦੇ ਬੇਘਰ ਪਰਿਵਾਰਾਂ ਲਈ ਇਹ ਖਰਚੇ ਬਹੁਤ ਵੱਡੀ ਚੁਣੌਤੀ ਬਣ ਗਏ ਹਨ। ਕਈ ਮਾਪੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਖਾਣ-ਪੀਣ ਅਤੇ ਘਰੇਲੂ ਬਿੱਲਾਂ ਤੋਂ ਵੀ ਕਟੌਤੀ ਕਰ ਰਹੇ ਹਨ। ਰਿਪੋਰਟ ਦੇ ਮੁੱਖ ਲੇਖਕ ਸੁਜ਼ਾਨਾ ਵਿਲਿਸ ਨੇ ਕਿਹਾ ਕਿ ਸਿੱਖਿਆ ਗਰੀਬੀ ਤੋਂ ਬਾਹਰ ਨਿਕਲਣ ਦਾ ਰਸਤਾ ਹੈ, ਪਰ ਮੌਜੂਦਾ ਹਾਲਾਤ ਵਿੱਚ ਬੱਚਿਆਂ ਨੂੰ ਬਰਾਬਰ ਦੇ ਮੌਕੇ ਨਹੀਂ ਮਿਲ ਰਹੇ।
Anchor ਨਾਮਕ ਸੰਗਠਨ ਨੇ ਦੱਸਿਆ ਕਿ ਬੇਘਰੀ ਕਾਰਨ ਬੱਚੇ ਆਪਣੇ ਆਪ ਨੂੰ ਇਕੱਲਾ ਅਤੇ ਹਤਾਸ਼ ਮਹਿਸੂਸ ਕਰਦੇ ਹਨ। ਮਾਹਰ ਮੰਗ ਕਰ ਰਹੇ ਹਨ ਕਿ ਸਕੂਲਾਂ ਨੂੰ ਨੀਤੀਆਂ ਵਿੱਚ ਬਦਲਾਅ ਕਰਕੇ ਗਰੀਬ ਪਰਿਵਾਰਾਂ ਨੂੰ ਵਧੇਰੇ ਸਹਾਇਤਾ ਦਿੱਤੀ ਜਾਵੇ।





