2026 ਦੇ Henley Passport Index ’ਚ ਆਸਟ੍ਰੇਲੀਅਨ ਪਾਸਪੋਰਟ ਦੀ ਸਥਿਤੀ ਕਾਇਮ, ਇੰਡੀਆ ਦਾ ਰੈਂਕ ਵੀ ਸੁਧਰਿਆ

ਮੈਲਬਰਨ : ਆਸਟ੍ਰੇਲੀਆ ਨੇ ਘੁੰਮਣ-ਫਿਰਨ ਦੀ ਆਜ਼ਾਦੀ ਦੇ ਮਾਮਲੇ ’ਚ ਆਪਣੀ ਸਥਿਤੀ ਬਣਾਈ ਰੱਖੀ ਹੈ। 2026 ਦੇ Henley Passport Index ਵਿੱਚ ਦੁਨੀਆ ਦੇ 182 ਦੇਸ਼ਾਂ ਤੱਕ ਵੀਜ਼ਾ-ਮੁਕਤ ਜਾਂ ਵੀਜ਼ਾ-ਆਨ-ਅਰਾਈਵਲ ਪਹੁੰਚ ਦੇ ਨਾਲ ਆਸਟ੍ਰੇਲੀਆ ਸੱਤਵੇਂ ਸਥਾਨ ’ਤੇ ਹੈ।

ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਘੁੰਮਣ-ਫਿਰਨ ਦੀ ਉੱਚ ਆਜ਼ਾਦੀ ਵਾਲੇ ਦੇਸ਼ਾਂ ਅਤੇ ਤੇਜ਼ੀ ਨਾਲ ਪਿੱਛੇ ਰਹਿ ਰਹੇ ਦੇਸ਼ਾਂ ਵਿਚਕਾਰ ਇੱਕ ਵਿਸ਼ਾਲ ਆਲਮੀ ਪਾੜਾ ਵੀ ਹੈ। ਸੂਚੀ ’ਚ ਇੰਡੀਆ 80ਵੇਂ ਸਥਾਨ ’ਤੇ ਹੈ, ਜੋ ਅੰਤਰਰਾਸ਼ਟਰੀ ਯਾਤਰਾ ਵਿੱਚ ਵਾਧੇ ਦੇ ਬਾਵਜੂਦ ਆਲਮੀ ਗਤੀਸ਼ੀਲਤਾ ਵਿੱਚ ਨਿਰੰਤਰ ਨਾਬਰਾਬਰੀ ਨੂੰ ਰੇਖਾਂਕਿਤ ਕਰਦਾ ਹੈ। ਹਾਲਾਂਕਿ ਇਸ ਨੇ ਪਿਛਲੇ ਸਾਲ 85ਵੇਂ ਨੰਬਰ ਤੋਂ ਸੁਧਾਰ ਕੀਤਾ ਹੈ।

ਹੈਨਲੇ ਪਾਸਪੋਰਟ ਇੰਡੈਕਸ ਵਿੱਚ ਸਭ ਤੋਂ ਪਹਿਲਾ ਨੰਬਰ ਸਿੰਘਾਪੁਰ ਦੇ ਪਾਸਪੋਰਟ ਦਾ ਹੈ ਜਿਸ ਨੂੰ ਲੈ ਕੇ ਪੂਰੀ ਦੁਨੀਆ ’ਚ (192 ਦੇਸ਼) ਜਾਣ ਦੀ ਆਜ਼ਾਦੀ ਹੈ। ਇਸ ਦੇ ਉਲਟ ਆਖ਼ਰੀ ਨੰਬਰ (101) ਉੱਤੇ ਅਫਗਾਨਿਸਤਾਨ ਹੈ। ਸੀਰੀਆ 100ਵੇਂ, ਇਰਾਕ 99ਵੇਂ, ਪਾਕਿਸਤਾਨ 98ਵੇਂ (ਯਮਨ ਨਾਲ ਸਾਂਝੇ ਰੂਪ ’ਚ), ਬੰਗਲਾਦੇਸ਼ 95ਵੇਂ ਅਤੇ ਨੇਪਾਲ 96ਵੇਂ ਨੰਬਰ ਉਤੇ ਹੈ।

ਸੂਚੀ ’ਚ ਸਿੰਘਾਪੁਰ ਤੋਂ ਬਾਅਦ ਦੂਜਾ ਨੰਬਰ ਸਾਂਝੇ ਰੂਪ ‘ਚ ਜਪਾਨ ਤੇ ਦੱਖਣੀ ਕੋਰੀਆ ਨੂੰ ਮਿਲਿਆ ਹੈ ਜਿਨ੍ਹਾਂ ਦੇ ਪਾਸਪੋਰਟ ਧਾਰਕਾਂ ਨੂੰ 188 ਦੇਸ਼ਾਂ ਵਿੱਚ ਬਿਨਾਂ ਵੀਜੇ ਦੇ ਜਾਣ ਦੀ ਖੁੱਲ੍ਹ ਹੈ। ਤੀਜਾ ਨੰਬਰ 5 ਯੂਰਪੀ ਦੇਸ਼ਾਂ ਡੈੱਨਮਾਰਕ, ਲਗਜ਼ਮਬਰਗ, ਸਪੇਨ, ਸਵੀਡਨ ਤੇ ਸਵਿਟਜ਼ਰਲੈਂਡ ਨੂੰ ਗਿਆ ਹੈ ਜਿਨ੍ਹਾਂ ਦੇ ਨਾਗਰਿਕਾਂ ਨੂੰ 186 ਦੇਸ਼ਾਂ ਵਿੱਚ ਜਾਣ ਲਈ ਰੋਕ-ਟੋਕ ਨਹੀਂ ਹੈ।

ਚੌਥਾ ਰੈਂਕ ਵੀ ਯੂਰਪ ਦੇ ਆਸਟਰੀਆ, ਬੈਲਜੀਅਮ, ਫਿਨਲੈਂਡ, ਫਰਾਂਸ, ਜਰਮਨੀ, ਗਰੀਸ, ਆਇਰਲੈਂਡ, ਇਟਲੀ, ਨੀਦਰਲੈਂਡ ਅਤੇ ਨਾਰਵੇ ਕੋਲ ਹੈ ਜਿਨ੍ਹਾਂ ਕੋਲ 185 ਦੇਸ਼ਾਂ ਵਿੱਚ ਬਿਨਾਂ ਫਿਕਰ ਤੋਂ ਮੂਡ ਬਣਨ ’ਤੇ ਜਾ ਸਕਣ ਦੀ ਖੁੱਲ੍ਹ ਹੈ। ਪੰਜਵਾਂ ਰੈਂਕ ਹੰਗਰੀ, ਪੁਰਤਗਾਲ, ਸਲਵਾਕੀਆ, ਸੈਲੋਵਾਨੀਆ ਅਤੇ UAE (184 ਦੇਸ਼) ਸਾਂਝੇ ਰੂਪ ਵਿੱਚ ਗਿਆ ਹੈ। ਛੇਵੇਂ ਨੰਬਰ ’ਤੇ ਕਰੋਏਸ਼ੀਆ, ਚੈੱਕੀਆ, ਐਸਟੋਨੀਆ, ਮਾਲਟਾ ਨਿਊਜ਼ੀਲੈਂਡ ਅਤੇ ਪੋਲੈਂਡ ਮਿਲ ਕੇ (183 ਦੇਸ਼ਾਂ ’ਚ ਜਾਣ ਦੀ ਖੁੱਲ੍ਹ) ਸਾਂਝੇ ਰੂਪ ’ਚ ਹਨ।

ਸੱਤਵੇਂ ਰੈਂਕ ’ਤੇ ਆਸਟ੍ਰੇਲੀਆ ਨਾਲ ਲਾਤਵੀਆ, UK ਅਤੇ ਲਿਕਟੇਸਟਾਈਨ (182 ਦੇਸ਼) ਹਨ। ਅੱਠਵਾਂ ਰੈਂਕ (181 ਦੇਸ਼) ਕੈਨੇਡਾ ਨੇ ਆਈਸਲੈਂਡ ਅਤੇ ਲਿਥੁਆਨੀਆ ਨਾਲ ਸਾਂਝਾ ਕੀਤਾ ਹੈ। ਨੌਵੇਂ ਨੰਬਰ ’ਤੇ ਆਉਂਦਿਆਂ ਮਲੇਸ਼ੀਆ ਦੀ ਚੜ੍ਹਤ ਬਰਕਰਾਰ ਹੈ ਤੇ ਇੱਥੋਂ ਦੇ ਨਾਗਰਿਕ 180 ਦੇਸ਼ਾਂ ਵਿੱਚ ਬਿਨ ਵੀਜੇ ਜਾ ਸਕਦੇ ਹਨ। ਅਮਰੀਕਾ ਦੇ ਨਾਗਰਿਕਾਂ ਨੂੰ ਹਾਲ ਹੀ ਵਿੱਚ ਤਿੰਨ ਅਫਰੀਕੀ ਦੇਸ਼ਾਂ ਨੇ ਬੈਨ ਕਰ ਦਿੱਤਾ ਸੀ, ਇਸ ਕਾਰਨ 179 ਦੇਸ਼ਾਂ ਨਾਲ ਉਸ ਦਾ ਦਸਵਾਂ ਰੈਂਕ ਹੈ ਤੇ ਉਹ ਪਹਿਲੇ 10 ’ਚੋਂ ਬਾਹਰ ਹੁੰਦਾ ਹੁੰਦਾ ਵਾਲ-ਵਾਲ ਬਚਿਆ ਹੈ।

ਹੈਨਲੀ ਪਾਸਪੋਰਟ ਇੰਡੈਕਸ ਨੂੰ ਦੁਨੀਆ ਦਾ ਸਭ ਤੋਂ ਭਰੋਸੇਮੰਦ ਪਾਸਪੋਰਟ ਰੈਂਕਿੰਗ ਮੰਨਿਆ ਜਾਂਦਾ ਹੈ। ਇਸ ਦਾ ਨਿਰਮਾਣ ਲੰਡਨ ਸਥਿਤ ਹੈਨਲੀ ਐਂਡ ਪਾਰਟਨਰਜ਼ ਵੱਲੋਂ ਕੀਤਾ ਗਿਆ ਹੈ। ਇੰਡੈਕਸ ਵਿੱਚ 199 ਦੇਸ਼ਾਂ ਦੇ ਪਾਸਪੋਰਟ ਸ਼ਾਮਲ ਕੀਤੇ ਗਏ ਹਨ। ਇਹ ਰੈਂਕਿੰਗ 20 ਸਾਲ ਪਹਿਲਾਂ ਸ਼ੁਰੂ ਹੋਈ ਸੀ।