ਮੈਲਬਰਨ : ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਸਰਕਾਰੀ ਪਾਬੰਦੀ ਤੋਂ ਬਾਅਦ ਕਿਤਾਬਾਂ ਪੜ੍ਹਨ ਦੇ ਰੁਝਾਨ ’ਚ ਵਾਧਾ ਦਰਜ ਕੀਤਾ ਗਿਆ ਹੈ। News Corp ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕਿਤਾਬਾਂ ਦੀ ਖਰੀਦ ਵਿੱਚ 3.1% ਦਾ ਇਜ਼ਾਫ਼ਾ ਹੋਇਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਬੁੱਕਸਟੋਰਾਂ ਦੀ ਸੇਲ ਤੋਂ ਇਲਾਵਾ ਲਾਇਬ੍ਰੇਰੀਆਂ ’ਚ ਆਮਦ ਅਤੇ ਸਿੱਖਿਆਤਮਕ ਸਮੱਗਰੀ ਦੀ ਮੰਗ ਵਿੱਚ ਵੀ ਪਿਛਲੇ ਹਫ਼ਤਿਆਂ ਦੌਰਾਨ ਵਾਧਾ ਦਰਜ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ’ਚ ਇਕ ਸਟੋਰ ਮੈਨੇਜਰ ਨੇ ਦੱਸਿਆ ਕਿ ਬੱਚਿਆਂ ਲਈ ਕਾਮਿਕਸ, ਕਹਾਣੀਆਂ ਤੇ ਅਤੇ ਪਜ਼ਲ ਬੁੱਕ ਦੀ ਮੰਗ ਸਭ ਤੋਂ ਵੱਧ ਆ ਰਹੀ ਹੈ।
ਸੋਸ਼ਲ ਮੀਡੀਆ ਬੈਨ ਕਾਰਨ ਬੱਚਿਆਂ ਦਾ ਸਕ੍ਰੀਨ ਟਾਈਮ ਘੱਟ ਹੋਇਆ ਅਤੇ ਕਈਆਂ ਨੇ ਕਿਤਾਬਾਂ ਨੂੰ ਸਮਾਂ ਦੇਣਾ ਸ਼ੁਰੂ ਕੀਤਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਫੋਨ ਦੀ ਬਜਾਏ ਕਿਤਾਬ ਪੜ੍ਹਨ ਦੀ ਆਦਤ ਵਧੀ ਹੈ। ਬੱਚਿਆਂ ਦਾ ਸਕ੍ਰੀਨ ਟਾਈਮ ਘੱਟ ਹੋਣ ਨਾਲ ਮਨੋਵਿਗਿਆਨਕ ਲਾਭ ਵੀ ਮਿਲਦੇ ਹਨ। ਸਿੱਖਿਆ ਤੇ ਬੱਚਿਆਂ ਦੀ ਮਨੋਵਿਗਿਆਨ ਖੇਤਰ ਨਾਲ ਜੁੜੇ ਮਾਹਿਰਾਂ ਮੁਤਾਬਕ ਕਿਤਾਬ ਪੜ੍ਹਨ ਨਾਲ ਧਿਆਨ, ਭਾਸ਼ਾ ਅਤੇ ਕਲਪਨਾ ਮਜ਼ਬੂਤ ਹੁੰਦੀ ਹੈ।
ਹਾਲਾਂਕਿ ਮਾਹਰਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿਤਾ ਕਿ ਲੰਬੇ ਸਮੇਂ ਦੇ ਪ੍ਰਭਾਵ ਬਾਰੇ ਅਜੇ ਕੁੱਝ ਕਹਿਣਾ ਜਲਦਬਾਜ਼ੀ ਹੋਵੇਗਾ। ਮਾਹਿਰਾਂ ਨੇ ਇਸ ਰੁਝਾਨ ਨੂੰ ਸਕਾਰਾਤਮਕ ਕਿਹਾ, ਪਰ ਇਹ ਵੀ ਮੰਨਿਆ ਕਿ ਲੰਬੇ ਸਮੇਂ ਦੇ ਅੰਕੜੇ ਨਾਲ ਹੀ ਪੂਰੀ ਤਸਵੀਰ ਸਾਹਮਣੇ ਆਏਗੀ। ਮਾਪਿਆਂ ਅਤੇ ਸਕੂਲਾਂ ਨੂੰ ਪੜ੍ਹਨ ਦੀਆਂ ਆਦਤਾਂ ਨੂੰ ਸਮਰਥਨ ਦੇਣ ਦੀ ਅਪੀਲ ਵੀ ਕੀਤੀ ਗਈ।





