ਵਿਕਟੋਰੀਆ ਵਿੱਚ ਬੁਸ਼ਫਾਇਰ ਸੰਕਟ ਗੰਭੀਰ

ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ Jacinta Allan ਨੇ ਸਟੇਟ ਵਿੱਚ 36 ਬੁਸ਼ਫਾਇਰਾਂ ਦੇ ਕਹਿਰ ਕਾਰਨ ‘ਸਟੇਟ ਆਫ ਡਿਜਾਸਟਰ’ ਦਾ ਐਲਾਨ ਕੀਤਾ ਹੈ। ਹਾਲਾਂਕਿ Longwood ਅੱਗ ਵਿੱਚ ਕਲ ਗੁੰਮ ਹੋਏ ਤਿੰਨ ਲੋਕ ਸੁਰੱਖਿਅਤ ਮਿਲੇ ਹਨ, ਪਰ 19 ਐਮਰਜੈਂਸੀ ਅਲਰਟ ਜਾਰੀ ਹਨ। ਹੁਣ ਤੱਕ ਘੱਟੋ-ਘੱਟ 130 ਢਾਂਚੇ ਤਬਾਹ ਹੋ ਚੁੱਕੇ ਹਨ ਅਤੇ ਪ੍ਰਭਾਵਿਤ ਲੋਕਾਂ ਲਈ ਸਹਾਇਤਾ ਉਪਲਬਧ ਕਰਵਾਈ ਜਾ ਰਹੀ ਹੈ।

Optus ਅਤੇ Telstra ਨੇ ਕਿਹਾ ਹੈ ਕਿ ਅੱਗ ਅਤੇ ਬਿਜਲੀ ਬੰਦ ਹੋਣ ਕਾਰਨ ਸੇਵਾਵਾਂ ਠੱਪ ਹਨ। ਹਜ਼ਾਰਾਂ ਲੋਕ ਗਰਮੀ ਵਿਚ ਬਿਜਲੀ ਤੋਂ ਵਾਂਝੇ ਹਨ। ਦੁਪਹਿਰ 3:30 ਵਜੇ ਤੱਕ AusNet ਦੀਆਂ 18,000 ਸੇਵਾਵਾਂ ਪ੍ਰਭਾਵਿਤ ਹੋਈਆਂ, City Power ਅਤੇ Powercor ਦੀਆਂ 3231, ਜਦਕਿ Jemena ਦੀਆਂ 60 ਸੇਵਾਵਾਂ ਬੰਦ ਹਨ। Great Ocean road ਦੇ ਕੁੱਝ ਹਿੱਸੇ ਬੰਦ ਹਨ, ਹਾਲਾਂਕਿ Hume ਹਾਈਵੇ ਖੁੱਲ੍ਹ ਗਿਆ ਹੈ।

ਕੱਲ੍ਹ ਪੂਰੇ ਸਟੇਟ ਵਿੱਚ ਖੁੱਲ੍ਹੀਆਂ ਥਾਵਾਂ ’ਤੇ ਅੱਗ ਲਗਾਉਣ ਉੱਤੇ ਪੂਰੀ ਪਾਬੰਦੀ ਲਾਗੂ ਰਹੇਗੀ। ਫਾਇਰਫਾਇਟਰ ਚਾਰ ਬੇਕਾਬੂ ਅੱਗਾਂ ਨਾਲ ਜੂਝ ਰਹੇ ਹਨ। ਚੇਤਾਵਨੀਆਂ ਅਨੁਸਾਰ, Walwa, Longwood, Cape Otways ਅਤੇ Carlisle River ਖੇਤਰਾਂ ਵਿੱਚ ਲੋਕਾਂ ਨੂੰ ਤੁਰੰਤ ਸ਼ਰਨ ਲੈਣ ਜਾਂ ਖੇਤਰ ਖਾਲੀ ਕਰਨ ਲਈ ਕਿਹਾ ਗਿਆ ਹੈ। ਲੋਕਾਂ ਨੂੰ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।

ਵਿਕਟੋਰੀਆ ਤੋਂ ਇਲਾਵਾ NSW ਵੀ ਬੁਸ਼ਫਾਇਰ ਦੀ ਮਾਰ ਹੇਠ ਹੈ। ਗਰਮੀ ਵਧਣ ਕਾਰਨ ਅੱਜ 46 ਥਾਵਾਂ ’ਤੇ ਲੱਗੀ ਅੱਗ, ਛੇ ਥਾਵਾਂ ’ਤੇ ਅੱਗ ਬੇਕਾਬੂ ਸੀ। 600 ਫ਼ਾਇਰਫ਼ਾਈਟਰ ਕਿਸੇ ਵੀ ਨਵੀਂ ਅੱਗ ਨੂੰ ਕਾਬੂ ਕਰਨ ਲਈ ਤਿਆਰ-ਬਰ-ਤਿਆਰ ਹਨ। Greater Sydney, Illawarra, Shoalhaven, Monaro Alpine, Southern Ranges ਅਤੇ Southern Slopes ’ਚ ਖੁੱਲ੍ਹੀ ਥਾਂ ਅੱਗ ਲਗਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ।