Australia Bushfire : ਵਿਕਟੋਰੀਆ ’ਚ ਚਾਰ ਥਾਵਾਂ ’ਤੇ ਲੱਗੀ ਬੁਸ਼ਫਾਇਰ

ਮੈਲਬਰਨ : ਸਖ਼ਤ ਗਰਮੀ ਅਤੇ ਖੁਸ਼ਕ ਮੌਸਮ ਕਾਰਨ Australia ਦੇ ਸਟੇਟ ਵਿਕਟੋਰੀਆ ’ਚ ਅੱਜ ਚਾਰ ਥਾਵਾਂ ’ਤੇ Bushfire ਸ਼ੁਰੂ ਹੋ ਗਈ ਹੈ। ਸਭ ਤੋਂ ਭਿਆਨਕ ਅੱਗ Walwa ਨੇੜੇ 1200 ਹੈਕਟੇਅਰ ਦੇ Mt Lawson State Park ’ਚ ਅੱਗ ਲੱਗ ਗਈ ਜਿਸ ਕਾਰਨ Bungil, Granya ਅਤੇ Thologolong ਦੇ ਵਾਸੀਆਂ ਨੂੰ ਤੁਰੰਤ ਇਲਾਕਾ ਖ਼ਾਲੀ ਕਰਨ ਦੀ ਅਪੀਲ ਕੀਤੀ ਗਈ ਹੈ।

ਇਸ ਤੋਂ ਪਹਿਲਾਂ Sunraysia Highway ’ਤੇ ਘਾਹ ਨੂੰ ਵੀ ਅੱਗ ਲੱਗ ਗਈ। ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਜਾਰੀ ਕੀਤੀ ਗਈ ਹੈ। ਤੀਜੀ ਅੱਗ ਮੈਲਬਰਨ ਦੇ ਨੌਰਥ-ਈਸਟ ਸਥਿਤ Yan Yean ’ਚ ਲੱਗੀ, ਜਿਸ ਨੂੰ ਛੇਤੀ ਹੀ ਕਾਬੂ ਕਰ ਲਿਆ ਗਿਆ।

ਇਸ ਤੋਂ ਇਲਾਵਾ ਚੌਥੀ ਅੱਗ Longwood ਇਲਾਕੇ ’ਚ ਵੀ ਲੱਗ ਗਈ। Longwood ਤੋਂ ਇਲਾਵਾ Longwood East, Ruffy, Tarcombe ਅਤੇ Upton Hill ਦੇ ਵਾਸੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਤਿਆਰ ਰਹਿਣ ਦੀ ਸਲਾਹ ਜਾਰੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ’ਚ 2019-20 ਦੀ ‘ਬਲੈਕ ਸਮਰ’ ਤੋਂ ਬਾਅਦ ਸਭ ਤੋਂ ਖ਼ਤਰਨਾਕ ਗਰਮੀ ਦਾ ਮੌਸਮ ਵੇਖਿਆ ਜਾ ਰਿਹਾ ਹੈ। ਅੱਜ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ’ਚ ਸਖ਼ਤ ਗਰਮੀ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਸੀ। ਖੁਸ਼ਕ ਹਾਲਾਤ ਦੇ ਨਤੀਜੇ ਵੱਜੋਂ ਬੁਸ਼ਫ਼ਾਇਰ ਦਾ ਵੀ ਖ਼ਤਰਾ ਹੁੰਦਾ ਹੈ ਜਿਸ ਕਾਰਨ ਵਿਕਟੋਰੀਆ ’ਚ ਅੱਗ ਲਾਉਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਸੀ।