ਕੁਈਨਜ਼ਲੈਂਡ ’ਚ ਭਾਰੀ ਮੀਂਹ ਦਾ ਕਹਿਰ ਜਾਰੀ, 16 ਹਜ਼ਾਰ ਤੋਂ ਵੱਧ ਪਸ਼ੂਆਂ ਦੀ ਮੌਤ ਜਾਂ ਗੁੰਮ

ਮੈਲਬਰਨ : ਉੱਤਰੀ ਕੁਈਨਜ਼ਲੈਂਡ ਵਿੱਚ ਭਾਰੀ ਮੀਂਹ ਕਾਰਨ ਤਬਾਹੀ ਵਾਲੇ ਹਾਲਾਤ ਬਣੇ ਹੋਏ ਹਨ। Townsville ਵਿੱਚ ਅੱਜ ਸਵੇਰ ਤਕ ਬੀਤੇ 24 ਘੰਟਿਆਂ ਦੌਰਾਨ 200 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ, ਜਦਕਿ ਕੁਝ ਇਲਾਕਿਆਂ ਵਿੱਚ ਹਾਲੀਆ ਦਿਨਾਂ ਵਿੱਚ ਇੱਕ ਮੀਟਰ ਤੋਂ ਵੱਧ ਮੀਂਹ ਪਿਆ ਹੈ। ਇਸ ਕਾਰਨ ਲਗਭਗ 16,450 ਪਸ਼ੂਆਂ ਦੀ ਮੌਤ ਜਾਂ ਗੁੰਮ ਹੋਣ ਦੀ ਖ਼ਬਰ ਹੈ। ਸੈਂਕੜਿਆਂ ਕਿਲੋਮੀਟਰ ਦੀਆਂ ਬਾੜਾਂ, ਸੜਕਾਂ ਅਤੇ ਖੇਤੀਬਾੜੀ ਦੇ ਸਾਜ਼ੋ-ਸਾਮਾਨ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕਈ ਲੋਕਾਂ ਨੂੰ ਬਚਾਉਣ ਲਈ ਰੈਸਕਿਊ ਕਾਰਵਾਈਆਂ ਕੀਤੀਆਂ ਗਈਆਂ ਹਨ—ਕੇਪ ਯਾਰਕ ਵਿੱਚ ਡੁੱਬਦੀ ਕਾਰ ਤੋਂ ਦੋ ਲੋਕਾਂ ਨੂੰ ਬਚਾਇਆ ਗਿਆ ਅਤੇ ਕੇਰਨਜ਼ ਨੇੜੇ ਇੱਕ ਵਿਅਕਤੀ ਨੂੰ ਮੋਟਰਹੋਮ ਤੋਂ ਹੈਲੀਕਾਪਟਰ ਰਾਹੀਂ ਕੱਢਿਆ ਗਿਆ। ਫਲਿੰਡਰਜ਼ ਅਤੇ ਵੈਸਟਰਨ ਦਰਿਆਵਾਂ ਵਿੱਚ ਵੱਡੇ ਪੱਧਰ ’ਤੇ ਹੜ੍ਹ ਆਇਆ ਹੋਇਆ ਹੈ। Georgina, Norman, Gilbert, Nicholson, Leichhardt, Herbert, Western, Diamantina, Tully, Burdekin, Cape, Flinders, Cloncurry ਅਤੇ Bohle ਦਰਿਆਵਾਂ ਲਈ ਚੇਤਾਵਨੀਆਂ ਜਾਰੀ ਹਨ। ਮੌਸਮੀ ਪ੍ਰਣਾਲੀ ਨੌਰਥ ਵੱਲ ਵਧ ਰਹੀ ਹੈ ਅਤੇ ਇੱਕ ਨਵੀਂ ਟਰਾਪਿਕਲ ਘੱਟ ਦਬਾਅ ਦਾ ਖੇਤਰ ਬਣਨ ਦੀ ਸੰਭਾਵਨਾ ਹੈ। ਸਟੇਟ ਦੀ ਸਰਕਾਰ ਨੇ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਯੋਜਨਾਵਾਂ ਦਾ ਐਲਾਨ ਕੀਤਾ ਹੈ।