ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸਟੇਟ ਦੀ ਰਾਜਧਾਨੀ ਦੇ ਅੰਦਰੂਨੀ ਨੌਰਥ ਇਲਾਕੇ Fitzroy ਵਿੱਚ ਸ਼ਨਿੱਚਰਵਾਰ ਅੱਧੀ ਰਾਤ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਵਾਪਰੀ। Brunswick ਅਤੇ King William Streets ਦੇ ਨੇੜੇ ਸਥਿਤ ਇੱਕ ਬੰਦ ਪਏ ਪੁਲਿਸ ਸਟੇਸ਼ਨ ਕੋਲ ਗੋਲੀ ਚੱਲੀ। ਪੁਲਿਸ ਸਟੇਸ਼ਨ ’ਚ ਸਿਰਫ਼ ਇੱਕ ਪੁਲਿਸ ਅਫ਼ਸਰ ਸੀ ਜੋ ਦੋ ਵਾਰ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਬਾਹਰ ਨਿਕਲਿਆ। ਉਸ ਨੇ ਜ਼ਖ਼ਮੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ’ਤੇ ਹੀ ਮਰ ਗਿਆ। ਉਸ ਦੀ ਪਛਾਣ ਅਜੇ ਨਹੀਂ ਹੋਈ। ਮੀਡੀਆ ਨਾਲ ਗੱਲਬਾਤ ’ਚ Detective Acting Inspector Brett Meadows ਨੇ ਕਿਹਾ ਕਿ ਗੋਲੀਆਂ ਇੱਕ ਚਲਦੀ ਗੱਡੀ ਤੋਂ ਚਲਾਈਆਂ ਗਈਆਂ। ਪੁਲਿਸ ਅਨੁਸਾਰ ਮ੍ਰਿਤਕ ਨਾਲ ਇਕ ਹੋਰ ਵਿਅਕਤੀ ਵੀ ਸੀ। ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਜਾਂਚ ਕਰ ਰਹੀ ਹੈ ਅਤੇ ਲੋਕਾਂ ਨੂੰ ਜਾਣਕਾਰੀ ਸਾਂਝੀ ਕਰਨ ਲਈ ਅਪੀਲ ਕੀਤੀ ਹੈ। ਪੁਲਿਸ ਨੇ ਮ੍ਰਿਤਕ ਨਾਲ ਜਾ ਰਹੇ ਵਿਅਕਤੀ ਨੂੰ ਅੱਗੇ ਆਉਣ ਦੀ ਵੀ ਅਪੀਲ ਕੀਤੀ ਹੈ।
Meadows ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਜੇਕਰ ਪੁਲਿਸ ਸਟੇਸ਼ਨ ਖੁੱਲ੍ਹਾ ਹੁੰਦਾ ਤਾਂ ਮ੍ਰਿਤਕ ਦੀ ਜਾਨ ਬਚ ਜਾਂਦੀ। ਉਨ੍ਹਾਂ ਕਿਹਾ ਕਿ ਮ੍ਰਿਤਕ ਪੁਲਿਸ ਸਟੇਸ਼ਨ ਜਾਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ। ਸਟਾਫ਼ ਦੀ ਕਮੀ ਕਾਰਨ ਵਿਕਟੋਰੀਆ ’ਚ 43 ਪੁਲਿਸ ਸਟੇਸ਼ਨਾਂ ਨੂੰ 24 ਘੰਟੇ ਖੁੱਲ੍ਹੇ ਰਹਿਣ ਦੀ ਬਜਾਏ ਰਾਤ ਸਮੇਂ ਬੰਦ ਕਰ ਦਿੱਤਾ ਜਾਂਦਾ ਹੈ। Fitzroy ਪੁਲਿਸ ਸਟੇਸ਼ਨ ਰਾਤ 9:45 ਵਜੇ ਤੋਂ ਬਾਅਦ ਬੰਦ ਹੋ ਜਾਂਦਾ ਹੈ। ਵਿਰੋਧੀ ਧਿਰ ਨੇ ਪੁਲਿਸ ਸਟੇਸ਼ਨ ਬੰਦ ਕੀਤੇ ਜਾਣ ’ਤੇ ਸਰਕਾਰ ਦੀ ਨਿੰਦਾ ਕੀਤੀ ਹੈ। ਜਦਕਿ ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਪੁਲਿਸ ਸਟੇਸ਼ਨ ਨੂੰ ਬੰਦ ਰੱਖਣਾ ਪੁਲਿਸ ਦਾ ਫ਼ੈਸਲਾ ਸੀ ਤਾਂ ਕਿ ਵੱਧ ਤੋਂ ਵੱਧ ਪੁਲਿਸ ਵਾਲਿਆਂ ਨੂੰ ਗਸ਼ਤ ’ਤੇ ਲਗਾਇਆ ਜਾ ਸਕੇ।





