ਮੈਲਬਰਨ : ਆਸਟ੍ਰੇਲੀਅਨ ਹਾਊਸਿੰਗ ਮਾਰਕੀਟ ਵਿੱਚ ਦਸੰਬਰ 2025 ਦੌਰਾਨ ਨਰਮੀ ਦੇ ਸੰਕੇਤ ਦਿਖ ਰਹੇ ਹਨ। ਨੈਸ਼ਨਲ ਪੱਧਰ ’ਤੇ ਕੀਮਤਾਂ ਸਿਰਫ਼ 0.7% ਵਧੀਆਂ, ਜੋ ਪਿਛਲੇ ਪੰਜ ਮਹੀਨਿਆਂ ਵਿੱਚ ਸਭ ਤੋਂ ਛੋਟਾ ਵਾਧਾ ਸੀ, ਜਦਕਿ ਸਿਡਨੀ ਅਤੇ ਮੈਲਬਰਨ ਵਿੱਚ ਮਕਾਨਾਂ ਦੀਆਂ ਔਸਤ ਕੀਮਤਾਂ 0.1% ਘਟੀਆਂ। ਇਸ ਦੇ ਬਾਵਜੂਦ, ਸਾਲ ਭਰ ਵਿੱਚ ਘਰਾਂ ਦੀ ਕੀਮਤਾਂ 8.6% ਵਧੀਆਂ ਹਨ, ਜਿਸ ਨਾਲ ਮੀਡੀਆਨ ਕੀਮਤ ’ਚ ਲਗਭਗ $71,400 ਦਾ ਇਜਾਫ਼ਾ ਹੋਇਆ। ਐਡਿਲੇਡ ਅਤੇ ਪਰਥ ਨੇ ਸਭ ਤੋਂ ਵੱਧ 1.9% ਵਾਧਾ ਦਰਜ ਕੀਤਾ। ਅਰਥਸ਼ਾਸਤਰੀਆਂ ਦਾ ਅਨੁਮਾਨ ਹੈ ਕਿ 2026 ਵਿੱਚ ਕੀਮਤਾਂ ’ਚ ਵਾਧਾ ਨਰਮ ਰਹੇਗਾ ਕਿਉਂਕਿ ਵਿਆਜ ਰੇਟ ਵਧਣ ਦੀ ਸੰਭਾਵਨਾ ਹੈ, ਕਰਜ਼ੇ ਦੀਆਂ ਸਖ਼ਤ ਸ਼ਰਤਾਂ ਲਾਗੂ ਹੋਣਗੀਆਂ ਅਤੇ ਘਰ ਖਰੀਦਣ ਦੀ ਸਮਰੱਥਾ ਘਟੇਗੀ।
ਦੂਜੇ ਪਾਸੇ ਕੁਇਨਜ਼ਲੈਂਡ ਦਾ ਹਾਊਸਿੰਗ ਬਾਜ਼ਾਰ ਰਾਸ਼ਟਰੀ ਮੰਦਗਤੀ ਦੇ ਬਾਵਜੂਦ ਤੇਜ਼ੀ ਨਾਲ ਵੱਧ ਰਿਹਾ ਹੈ। ਬ੍ਰਿਸਬੇਨ ਵਿੱਚ ਦਸੰਬਰ ਮਹੀਨੇ ਘਰਾਂ ਦੀਆਂ ਕੀਮਤਾਂ 1.6% ਵਧੀਆਂ, ਜਿਸ ਨਾਲ ਹਰ ਘਰ ਦੀ ਕੀਮਤ ਲਗਭਗ $16,000 ਵਧ ਗਈ। ਸਾਲਾਨਾ ਵਾਧਾ 14.5% ਰਿਹਾ, ਜਿਸ ਵਿੱਚ ਯੂਨਿਟ ਕੀਮਤਾਂ ਸਭ ਤੋਂ ਤੇਜ਼ੀ ਨਾਲ ਵਧੀਆਂ ਕਿਉਂਕਿ ਲੋਕ ਸਸਤੇ ਵਿਕਲਪ ਲੱਭ ਰਹੇ ਹਨ। ਗ੍ਰੈਨਾਈਟ ਬੈਲਟ ਅਤੇ ਟੂਵੂਮਬਾ ਵਰਗੇ ਖੇਤਰਾਂ ਵਿੱਚ 18–20% ਵਾਧਾ ਦਰਜ ਕੀਤਾ ਗਿਆ। ਘੱਟ ਸਪਲਾਈ, ਇੰਟਰਸਟੇਟ ਮਾਈਗ੍ਰੇਸ਼ਨ ਅਤੇ ਨਵੀਂ ਨਿਰਮਾਣ ਦੀ ਘਾਟ ਮੰਗ ਨੂੰ ਵਧਾ ਰਹੀ ਹੈ। ਬ੍ਰਿਸਬੇਨ ਵਿੱਚ ਕਿਰਾਏ 6.2% ਵਧੇ ਹਨ, ਜਦੋਂ ਕਿ ਖਾਲੀ ਦਰਾਂ ਇਤਿਹਾਸਕ ਤੌਰ ‘ਤੇ ਘੱਟ ਹਨ। 2026 ਵਿੱਚ ਵਾਧਾ ਹੌਲਾ ਹੋ ਸਕਦਾ ਹੈ।





