ਮੈਲਬਰਨ : Property Market ਵਿੱਚ ਸਿਡਨੀ ਸਮੇਤ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਘਰਾਂ ਦੀ ਕੀਮਤ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਸਿਡਨੀ ਵਿੱਚ ਘਰ ਦਾ ਔਸਤ ਮੁੱਲ ਹੁਣ 1.7 ਮਿਲੀਅਨ ਡਾਲਰ ਤੋਂ ਵੱਧ ਹੈ, ਜਦਕਿ ਬ੍ਰਿਸਬੇਨ ’ਚ 1.1 ਮਿਲੀਅਨ ਡਾਲਰ ਅਤੇ ਮੈਲਬਰਨ ਵਿੱਚ 1 ਮਿਲੀਅਨ ਡਾਲਰ ਤੋਂ ਉੱਪਰ। ਪਰਥ, ਹੋਬਾਰਟ ਅਤੇ ਡਾਰਵਿਨ ਵਿੱਚ ਵੀ ਕੀਮਤਾਂ ’ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਇਸ ਕਾਰਨ ਨੌਜਵਾਨਾਂ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਸ਼ਹਿਰਾਂ ਵਿੱਚ ਘਰ ਲੈਣਾ ਮੁਸ਼ਕਲ ਹੋ ਗਿਆ ਹੈ। ਇਸ ਪਿਛੋਕੜ ਵਿੱਚ ‘ਰੈਂਟ-ਇਨਵੈਸਟਿੰਗ’ ਦਾ ਰੁਝਾਨ ਵਧ ਰਿਹਾ ਹੈ। ਮਤਲਬ ਲੋਕ ਮਹਿੰਗੇ ਇਲਾਕਿਆਂ ਵਿੱਚ ਕਿਰਾਏ ’ਤੇ ਰਹਿੰਦੇ ਹਨ, ਪਰ ਨਾਲ ਹੀ ਸਸਤੀ ਥਾਂ ਘਰ ਵੀ ਖ਼ਰੀਦ ਲੈਂਦੇ ਹਨ ਜਿੱਥੇ ਕੀਮਤਾਂ ਘੱਟ ਹਨ।
ਇਸ ਨਾਲ ਹੁਣ ਤਾਂ ਉਨ੍ਹਾਂ ਦਾ ਖ਼ਰਚ ਵਧਦਾ ਹੈ ਪਰ ਲੰਮੇ ਸਮੇਂ ਵਿੱਚ ਲਾਭ ਹੁੰਦਾ ਹੈ। ਅਜਿਹੇ ਹੀ ਇੱਕ ਪ੍ਰਾਪਰਟੀ ਮਾਹਰ ਹਨ Jack Henderson, ਜਿਨ੍ਹਾਂ ਕੋਲ 15 ਤੋਂ ਵੱਧ ਘਰ ਹਨ ਪਰ ਉਹ ਸਿਡਨੀ ਵਿੱਚ ਕਿਰਾਏ ’ਤੇ ਰਹਿੰਦੇ ਹਨ, ਦਲੀਲ ਹੈ ਕਿ ਕਿਰਾਏ ’ਤੇ ਰਹਿਣ ਨਾਲ ਜੀਵਨਸ਼ੈਲੀ ਬਿਹਤਰ ਰਹਿੰਦੀ ਹੈ ਅਤੇ ਨਿਵੇਸ਼ ਲਈ ਪੈਸਾ ਬਚਦਾ ਹੈ। Jett Elliot ਵਰਗੇ ਨੌਜਵਾਨ ਨਿਊਕਾਸਲ ਵਿੱਚ ਘਰ ਖਰੀਦ ਰਹੇ ਹਨ, ਭਾਵੇਂ ਵਿੱਤੀ ਦਬਾਅ ਹੈ, ਪਰ ਉਹ ਲੰਬੇ ਸਮੇਂ ਦੀ ਦੌਲਤ ਬਣਾਉਣ ਨੂੰ ਤਰਜੀਹ ਦੇ ਰਹੇ ਹਨ।





