ਆਸਟ੍ਰੇਲੀਆ ’ਚ ਮਿੱਕੀ ਆਹੂਜਾ ਦੀ ਸਕਿਉਰਿਟੀ ਕੰਪਨੀ ’ਚ 1700 ਜੌਬਾਂ ਖਤਮ!

ਮੈਲਬਰਨ : ਮੈਲਬੋਰਨ ਅਧਾਰਿਤ ਸਕਿਉਰਿਟੀ ਕੰਪਨੀ ‘MA Services’ ਨੇ ਵਲੰਟਰੀ ਐਡਮਿਨਿਸਟ੍ਰੇਸ਼ਨ ਵਿੱਚ ਦਾਖਲ ਹੋ ਕੇ ਲਗਭਗ 1,700 ਨੌਕਰੀਆਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਵਿਕਟੋਰੀਅਨ ਲੇਬਰ ਹਾਇਰ ਅਥਾਰਟੀ ਨੇ ਇਸ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਹੈ। ਸਰਕਾਰ ਨੇ ਕੰਪਨੀ ਨੂੰ ਆਪਣੇ ਸਪਲਾਇਰ ਪੈਨਲ ਤੋਂ ਵੀ ਸਸਪੈਂਡ ਕਰ ਦਿੱਤਾ ਹੈ, ਜਿਸ ਕਾਰਨ ਇਹ ਨਵੇਂ ਕਾਂਟ੍ਰੈਕਟ ਨਹੀਂ ਕਰ ਸਕਦੀ। ਕੰਪਨੀ ’ਤੇ ਟੈਕਸ ਨਾ ਭਰਨ, ਵਰਕਰ ਸੋਸ਼ਣ ਅਤੇ ਲਾਇਸੈਂਸ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਸਨ। ਇਸ ਦੇ ਮਾਲਕ ਮਿੱਕੀ ਆਹੂਜਾ ’ਤੇ ਆਪਣੇ ਵਰਕਰਾਂ ਦਾ ਜਿਨਸੀ ਸੋਸ਼ਣ ਕਰਨ ਦੇ ਦੋਸ਼ ਵੀ ਲੱਗੇ ਹਨ। ਹਾਲਾਂਕਿ ਕੰਪਨੀ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਐਡਮਿਨਿਸਟ੍ਰੇਟਰ ਸੇਵਾਵਾਂ ਅਤੇ ਨੌਕਰੀਆਂ ਬਚਾਉਣ ਦੇ ਵਿਕਲਪ ਖੋਜ ਰਹੇ ਹਨ। ਇਹ ਕੰਪਨੀ ਪੂਰੇ ਦੇਸ਼ ’ਚ Coles, Kmart, Aldi, Amazon, Dan Murphy’s, AFL clubs ਸਮੇਤ Southern Cross Station ਤੇ Federation Square ਵਰਗੀਆਂ ਸਰਕਾਰੀ ਥਾਵਾਂ ਨੂੰ ਵੀ ਸਿਕਿਉਰਿਟੀ ਮੁਹੱਈਆ ਕਰਵਾਉਂਦੀ ਸੀ ਜਿਸ ਕਾਰਨ ਇਹ ਸਾਰੇ ਪ੍ਰਭਾਵਤ ਹਨ। ਸਰਕਾਰ ਨੇ ਕੰਪਨੀ ਨੂੰ ਕਰਮਚਾਰੀਆਂ ਅਤੇ ਆਪਣੇ ਕਸਟਮਰਜ਼ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਣ ਲਈ ਕਿਹਾ ਹੈ।