ਮੈਲਬਰਨ : ਇੰਡੀਆ ਅਤੇ ਆਸਟ੍ਰੇਲੀਆ ਨੇ ਆਪਣੇ ਇਕੋਨੋਮਿਕ ਕੋਆਪਰੇਸ਼ਨ ਐਂਡ ਟਰੇਡ ਐਗਰੀਮੈਂਟ (ECTA) ਦੀ ਤੀਜੀ ਵਰ੍ਹੇਗੰਢ ਮਨਾਈ ਹੈ। ਤਿੰਨ ਸਾਲ ਪਹਿਲਾਂ ਲਾਗੂ ਹੋਏ ਇਸ ਐਗਰੀਮੈਂਟ ਨੇ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਮਜ਼ਬੂਤੀ ਦਿੱਤੀ ਹੈ। ਕਾਮਰਸ ਅਤੇ ਇੰਡਸਟਰੀ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਇਸ ਦੌਰਾਨ ਇੰਡੀਆ ਅਤੇ ਆਸਟ੍ਰੇਲੀਆ ਵਿਚਕਾਰ ਐਕਸਪੋਰਟ ’ਚ 8 ਫ਼ੀ ਸਦੀ ਦਾ ਵਾਧਾ ਹੋਇਆ ਹੈ।
1 ਜਨਵਰੀ 2026 ਤੋਂ ਜ਼ੀਰੋ-ਡਿਊਟੀ ਦਾ ਲਾਭ
ਆਉਣ ਵਾਲੇ 1 ਜਨਵਰੀ, 2026 ਤੋਂ ਇੰਡੀਆ ਲਈ ਵੱਡੀ ਸਹੂਲਤ ਮਿਲਣ ਵਾਲੀ ਹੈ। ਇੰਡੀਅਨ ਐਕਸਪੋਰਟ ਲਈ ਆਸਟ੍ਰੇਲੀਅਨ ਟੈਰਿਫ਼ ਲਾਈਨਾਂ 100% ਜ਼ੀਰੋ-ਡਿਊਟੀ ਹੋ ਜਾਣਗੀਆਂ। ਇਸ ਦਾ ਮਤਲਬ ਹੈ ਕਿ ਇੰਡੀਅਨ ਸਾਮਾਨ ਆਸਟ੍ਰੇਲੀਆ ’ਚ ਬਗੈਰ ਕਿਸੇ ਵਾਧੂ ਟੈਕਸ ਤੋਂ ਪਹੁੰਚ ਸਕੇਗਾ। ਇਸ ਨਾਲ ਉਨ੍ਹਾਂ ਖੇਤਰਾਂ ਨੂੰ ਫ਼ਾਇਦਾ ਹੋਵੇਗਾ ਜਿਨ੍ਹਾਂ ’ਚ ਵੱਧ ਵਰਕਰ ਕੰਮ ਕਰਦੇ ਹਨ ਅਤੇ ਨਵੇਂ ਕਾਰੋਬਾਰੀ ਮੌਕੇ ਖੁੱਲ੍ਹਣਗੇ।
ਵੱਖੋ-ਵੱਖ ਉਦਯੋਗਾਂ ਨੂੰ ਫ਼ਾਇਦਾ
ਗੋਇਲ ਨੇ ਕਿਹਾ ਕਿ ਇਸ ਐਗਰੀਮੈਂਟ ਨਾਲ ਇੰਡੀਆ ਦੇ ਮੈਨੂਫ਼ੈਕਚਰਿੰਗ, ਕੈਮੀਕਲਜ਼, ਟੈਕਸਟਾਈਲ, ਪਲਾਸਟਿਕ ਅਤੇ ਫ਼ਾਰਮਾਸਿਊਟੀਕਲ ਸਮੇਤ ਕਈ ਇੰਡਸਟਰੀਜ਼ ਨੂੰ ਲਾਭ ਹੋਇਆ ਹੈ। ਪੈਟਰੋਲੀਅਮ ਪ੍ਰੋਡਕਟਸ ਅਤੇ ਜੈਮਸ ਐਂਡ ਜਿਊਲਰੀ ਸੈਕਟਰ ’ਚ ਵੀ ਐਕਸਪੋਰਟ ਵਧਿਆ ਹੈ। ਵਿਸ਼ੇਸ਼ ਰੂਪ ’ਚ ਅਪ੍ਰੈਲ ਤੋਂ ਨੰਬਰ 2025 ਵਿਚਕਾਰ ਜੇਮਸ ਐਂਡ ਜਿਊਲਰੀ ਦਾ ਨਿਰਯਾਤ 16 ਫ਼ੀ ਸਦੀ ਵਧਿਆ।
ਇੰਡੀਆ ਦੇ ਖੇਤੀਬਾੜੀ ਪ੍ਰੋਡਕਟਸ ਜਿਵੇਂ ਫਲਾਂ, ਸਬਜ਼ੀਆਂ, ਮਰੀਨ ਪ੍ਰੋਡਕਟਸ ਅਤੇ ਮਸਾਲਿਆਂ ਦੀ ਆਸਟ੍ਰੇਲੀਅਨ ਬਾਜ਼ਾਰ ’ਚ ਵਿਕਰੀ ਵਧੀ ਹੈ। ਖ਼ਾਸ ਕਰ ਕੇ ਕੌਫ਼ੀ ਦੇ ਨਿਰਯਾਤ ’ਚ ਜ਼ਿਕਰਯੋਗ ਵਾਧਾ ਵੇਖਣ ਨੂੰ ਮਿਲਿਆ ਹੈ। ਦੋਹਾਂ ਦੇਸ਼ਾਂ ਨੇ ਆਰਗੈਨਿਕ ਪ੍ਰੋਡਕਟਸ ਲਈ ਮਿਊਚੁਅਲ ਰਿਕੋਗਨਿਸ਼ਨ ਅਰੇਂਜਮੈਂਟ ’ਤੇ ਸਾਇਨ ਕੀਤੇ ਹਨ, ਜਿਸ ਨਾਲ ਟਰੇਡਿੰਗ ਆਸਾਨ ਹੋਈ ਅਤੇ ਨਿਯਮਾਂ ਦੇ ਪਾਲਣ ਦਾ ਖ਼ਰਚ ਘਟਿਆ।





