ਮੈਲਬਰਨ : ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਇੱਕ ਨਗਰ ਕੀਰਤਨ ਨੂੰ ਰੋਕੇ ਜਾਣ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ (NZCSA) ਨੇ ਸਿੱਖਾਂ ਨੂੰ ਏਕਤਾ ਅਤੇ ਸ਼ਾਂਤ ਰਹਿਣ ਦਾ ਸੱਦਾ ਦਿੱਤਾ ਹੈ। ਐਸੋਸੀਏਸ਼ਨ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟਰ ਜਾਰੀ ਕਰਦਿਆਂ ਸਿੱਖਾਂ ਵੱਲੋਂ ਨਿਊਜ਼ੀਲੈਂਡ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਵਿਰੋਧ ਕਰ ਰਹੇ Brian Tamaki ਦੇ ਗਰੁੱਪ ਦੀ ਨੀਤੀ ’ਤੇ ਸਵਾਲ ਉਠਾਏ ਅਤੇ ਇਸ ਨੂੰ ਨਿਊਜ਼ੀਲੈਂਡ ’ਚ ਨਫ਼ਰਤ, ਵੰਡ ਅਤੇ ਡਰ ਫੈਲਾਉਣ ਵਾਲਾ ਦੱਸਿਆ।
ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਉਹ ਘਟਨਾ ਤੋਂ ਬਾਅਦ ਸਬੰਧਤ ਅਥਾਰਟੀਆਂ ਨਾਲ ਸੰਪਰਕ ’ਚ ਹਨ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਕੌਂਸਲ, ਪੁਲਿਸ ਤੇ ਟਰੈਫ਼ਿਕ ਮੈਨੇਜਮੈਂਟ ਅਥਾਰਟੀਆਂ ਵੱਲੋਂ ਮਨਜ਼ੂਰੀ ਪ੍ਰਾਪਤ ਸੀ ਅਤੇ ਨਗਰ ਕੀਰਤਨ ਨੂੰ ਰੋਕਣ ਦੀ ਘਟਨਾ ਨਾਮਨਜ਼ੂਰ ਹੈ। ਹਾਲਾਂਕਿ ਐਸੋਸੀਏਸ਼ਨ ਨੇ ਭਾਈਚਾਰੇ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਉਹ ਇਸ ਘਟਨਾ ਬਾਰੇ ਕੋਈ ਗ਼ੈਰਜ਼ਿੰਮੇਵਾਰਾਨਾ ਬਿਆਨ ਨਾ ਦੇਵੇ।
ਸਿੱਖ ਭਾਈਚਾਰੇ ਨੂੰ ਨਿਊਜ਼ੀਲੈਂਡ ‘ਚ ਦੱਸਿਆ ਸੇਵਾ ਤੇ ਏਕਤਾ ਦੀ ਮਿਸਾਲ
ਐਸੋਸੀਏਸ਼ਨ ਵੱਲੋਂ ਐਤਵਾਰ ਦੁਪਹਿਰ ਕੀਤੀ ਇੱਕ ਮੀਟਿੰਗ ਤੋਂ ਬਾਅਦ ਜਾਰੀ ਪੋਸਟਰ ਰਾਹੀਂ ਨਿਊਜ਼ੀਲੈਂਡ ‘ਚ ਸਿੱਖ ਭਾਈਚਾਰੇ ਨੇ ਆਪਣੇ 140 ਸਾਲਾਂ ਦੀ ਸੇਵਾ ਦੀ ਵਿਰਾਸਤ ਨੂੰ ਉਜਾਗਰ ਕਰਦਿਆਂ, ਦੇਸ਼ ਲਈ ਆਪਣੇ ਯੋਗਦਾਨ ਉਤੇ ਰੌਸ਼ਨੀ ਪਾਈ। ਐਸੋਸੀਏਸ਼ਨ ਨੇ ਦੱਸਿਆ ਕਿ ਸਿੱਖ ਸੈਨਿਕ ਪਹਿਲੀ ਅਤੇ ਦੂਜੀ ਵਿਸ਼ਵ ਯੁੱਧ ‘ਚ ਨਿਊਜ਼ੀਲੈਂਡ ਫੌਜ ਦੇ ਨਾਲ ਲੜੇ ਸਨ, ਅਤੇ ਅੱਜ ਵੀ ਸਿੱਖ ਨਿਊਜ਼ੀਲੈਂਡ ਦੀ ਫੌਜ, ਏਅਰ ਫੋਰਸ ਅਤੇ ਪੁਲਿਸ ‘ਚ ਸੇਵਾ ਕਰ ਰਹੇ ਹਨ।
ਸਮਾਜਿਕ ਸੇਵਾ ਦੇ ਮੈਦਾਨ ‘ਚ ਵੀ ਸਿੱਖ ਭਾਈਚਾਰੇ ਨੇ 6.8 ਲੱਖ ਤੋਂ ਵੱਧ ਲੋਕਾਂ ਨੂੰ ਭੋਜਨ ਅਤੇ ਸਹਾਇਤਾ ਪੈਕੇਟ ਮੁਹੱਈਆ ਕਰਵਾਏ ਹਨ। ਉਹ ਹਰ ਸਮੇਂ ਮੁਸੀਬਤ, ਸੰਕਟ ਅਤੇ ਤੰਗੀ ‘ਚ ਲੋਕਾਂ ਦੇ ਨਾਲ ਖੜ੍ਹੇ ਰਹੇ ਹਨ। ਸਿੱਖ ਭਾਈਚਾਰੇ ਨੇ ਆਪਣੀ ਪਹਚਾਨ ਨੂੰ “ਗਰਵ ਨਾਲ ਨਿਊਜ਼ੀਲੈਂਡਰ ਅਤੇ ਸਿੱਖ ਧਰਮ ਦੇ ਪੈਰੋਕਾਰ” ਵਜੋਂ ਪੇਸ਼ ਕੀਤਾ ਹੈ, ਜੋ “ਨਫ਼ਰਤ ਉੱਤੇ ਪਿਆਰ, ਵੰਡ ਉੱਤੇ ਸੇਵਾ ਅਤੇ ਡਰ ਉੱਤੇ ਏਕਤਾ” ਨੂੰ ਤਰਜੀਹ ਦਿੰਦੇ ਹਨ। ਇਸ ਪੋਸਟਰ ਰਾਹੀਂ ਇਹ ਵੀ ਦਰਸਾਇਆ ਗਿਆ ਕਿ ਮਾਓਰੀ, ਇਸਾਈ, ਮੁਸਲਿਮ, ਹਿੰਦੂ, ਸਮੋਆਈ, ਚੀਨੀ ਅਤੇ ਹੋਰ ਸਾਰੇ ਭਾਈਚਾਰੇ ਸਿੱਖ ਭਾਈਚਾਰੇ ਦੇ ਨਾਲ ਖੜੇ ਹਨ ਅਤੇ ਨਿਊਜ਼ੀਲੈਂਡ ਨੂੰ ਮਿਲ ਕੇ ਬਣਾਉਣ ‘ਚ ਯਕੀਨ ਰੱਖਦੇ ਹਨ।
ਨਗਰ ਕੀਰਤਨ ਰੋਕਣ ਵਾਲੀ ਘਟਨਾ ਦੀ ਦੁਨੀਆ ਭਰ ’ਚ ਨਿਖੇਧੀ
ਇਸ ਦੌਰਾਨ ਦੁਨੀਆ ਭਰ ਵਿੱਚ ਨਗਰ ਕੀਰਤਨ ਰੋਕਣ ਵਾਲੀ ਘਟਨਾ ਦੀ ਸਖ਼ਤ ਨਿਖੇਧੀ ਹੋ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਬਿਆਨ ਜਾਰੀ ਕਰ ਕੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਸਰਕਾਰ ਨੂੰ ਸ਼ਰਾਰਤੀ ਅਨਸਰਾਂ ਉਤੇ ਤੁਰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਸਥਾਨਕ ਕੌਂਸਲਰ ਡੈਨੀਅਨ ਨਿਊਮੈਨ ਨੇ ਵੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ, ‘‘ਮੈਂ ਉਨ੍ਹਾਂ ‘ਦੇਸ਼ਭਗਤਾਂ’ ਪ੍ਰਤੀ ਆਪਣੀ ਗਹਿਰੀ ਨਿਰਾਸ਼ਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਨਗਰ ਕੀਰਤਨ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ। ਨਿਊਜ਼ੀਲੈਂਡ ਬਿਲ ਆਫ਼ ਰਾਈਟਸ ਐਕਟ ਦੀ ਧਾਰਾ 15 ਇਹ ਐਲਾਨ ਕਰਦੀ ਹੈ ਕਿ ਹਰ ਵਿਅਕਤੀ ਨੂੰ ਆਪਣੇ ਧਰਮ ਜਾਂ ਵਿਸ਼ਵਾਸ ਨੂੰ ਰੀਤ-ਰਿਵਾਜ, ਅਭਿਆਸ ਜਾਂ ਸਿੱਖਿਆ ਰਾਹੀਂ ਪ੍ਰਗਟ ਕਰਨ ਦਾ ਅਧਿਕਾਰ ਹੈ। ਚਾਹੇ ਇਕੱਲੇ ਜਾਂ ਹੋਰਾਂ ਨਾਲ ਮਿਲ ਕੇ ਕੀਤਾ ਜਾਵੇ। ਮੈਂ ਕੋਸ਼ਿਸ਼ ਕਰਾਂਗਾ ਕਿ ਅਗਲੇ ਨਗਰ ਕੀਰਤਨ, ਜੋ ਮੈਨੁਰੇਵਾ ’ਚ ਹੋਵੇਗਾ, ਉਸ ਵਿਚ ਸ਼ਾਮਲ ਹੋ ਸਕਾਂ।’’





