ਆਸਟ੍ਰੇਲੀਆ ’ਚ ਬੰਦੂਕਾਂ ’ਤੇ ਸਖ਼ਤੀ ਹੋਰ ਵਧੇਗੀ, gun buyback scheme ਦਾ ਐਲਾਨ

ਮੈਲਬਰਨ : Bondi Beach ਅੱਤਵਾਦੀ ਹਮਲੇ ਤੋਂ ਬਾਅਦ ਆਸਟ੍ਰੇਲੀਆ ’ਚ ਬੰਦੂਕਾਂ ’ਤੇ ਸਖ਼ਤੀ ਹੋਰ ਵਧਣ ਵਾਲੀ ਹੈ। ਹਿੰਸਾ ਵਿਰੁਧ ਚੁੱਕੇ ਕਦਮਾਂ ਦੀ ਲੜੀ ’ਚ ਕਲ ਨਫ਼ਰਤੀ ਭਾਸ਼ਣ ਵਿਰੁਧ ਨਵੇਂ ਕਾਨੂੰਨ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ Anthony Albanese ਨੇ ਲੋਕਾਂ ਦੇ ਹੱਥਾਂ ’ਚ ਵਾਧੂ, ਪਾਬੰਦੀਸ਼ੁਦਾ ਅਤੇ ਗ਼ੈਰਕਾਨੂੰਨੀ ਬੰਦੂਕਾਂ ਨੂੰ ਵਾਪਸ ਖ਼ਰੀਦਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ ਯੋਜਨਾ John Howard ਵੱਲੋਂ 1996 ’ਚ ਸ਼ੁਰੂ ਕੀਤੀ ਯੋਜਨਾ ਤੋਂ ਬਾਅਦ ਆਸਟ੍ਰੇਲੀਆ ਦੀ ਸਭ ਤੋਂ ਵੱਡੀ gun buyback scheme ਹੋਵੇਗੀ।

ਇਸ ਪ੍ਰੋਗਰਾਮ ਨੂੰ ਚਲਾਉਣ ਦੇ ਖਰਚੇ ਫ਼ੈਡਰਲ ਸਰਕਾਰ ਅਤੇ ਸਟੇਟ ਸਰਕਾਰਾਂ ਵਿਚਕਾਰ ਬਰਾਬਰ ਵੰਡੇ ਜਾਣਗੇ। ਸਟੇਟ ਬੰਦੂਕਾਂ ਇਕੱਤਰ ਕਰਨ ਅਤੇ ਭੁਗਤਾਨਾਂ ਦਾ ਪ੍ਰਬੰਧਨ ਕਰਨਗੇ, ਜਦੋਂ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਬੰਦੂਕਾਂ ਨੂੰ ਨਸ਼ਟ ਕਰਨ ਦੀ ਨਿਗਰਾਨੀ ਕਰੇਗੀ। Albanese ਨੇ ਕਿਹਾ ਕਿ ਦੇਸ਼ ਭਰ ਵਿੱਚ ਚਾਰ ਮਿਲੀਅਨ ਤੋਂ ਵੱਧ ਬੰਦੂਕਾਂ ਹਨ ਜਿਨ੍ਹਾਂ ਨੂੰ ਘਟਾਉਣ ਦੀ ਜ਼ਰੂਰਤ ਹੈ। ਨੈਸ਼ਨਲ ਕੈਬਨਿਟ ਸਖਤ ਉਪਾਵਾਂ ‘ਤੇ ਵੀ ਵਿਚਾਰ ਕਰ ਰਹੀ ਹੈ, ਜਿਸ ਵਿੱਚ ਹਥਿਆਰਾਂ ਦਾ ਰਜਿਸਟਰ, ਬੰਦੂਕ ਦੀ ਮਾਲਕੀ ਦੀਆਂ ਸੀਮਾਵਾਂ ਅਤੇ ਨਾਗਰਿਕਤਾ ਦੀਆਂ ਜ਼ਰੂਰਤਾਂ ਸ਼ਾਮਲ ਹਨ।

Bondi Beach ਅਤਿਵਾਦੀ ਹਮਲੇ ਦੇ ਪੀੜਤਾਂ ਦੀ ਯਾਦ ’ਚ ਐਤਵਾਰ ਨੂੰ ਝੁਕੇ ਰਹਿਣਗੇ ਝੰਡੇ

ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ Bondi Beach ’ਤੇ ਬੀਤੇ ਐਤਵਾਰ ਹੋਏ ਅਤਿਵਾਦੀ ਹਮਲੇ ਦੇ ਪੀੜਤਾਂ ਦੀ ਯਾਦ ’ਚ New South Wales ਅਤੇ ਆਸਟ੍ਰੇਲੀਅਨ ਸਰਕਾਰ ਦੇ ਸਾਰੇ ਝੰਡੇ ਐਤਵਾਰ ਨੂੰ ਝੁਕੇ ਰਹਿਣਗੇ। ਉਨ੍ਹਾਂ ਕਿਹਾ ਕਿ ਸਰਕਾਰ ਯਹੂਦੀ ਭਾਈਚਾਰੇ ਨਾਲ ਮਿਲ ਕੇ ਰਾਸ਼ਟਰੀ ਸੋਗ ਦਿਵਸ ਵੀ ਰੱਖੇਗੀ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ Bondi Beach ’ਤੇ ਹੋਏ ਅਤਿਵਾਦੀ ਹਮਲੇ ਵਿੱਚ 15 ਲੋਕ ਮਾਰੇ ਗਏ ਸਨ। ਹਮਲਾਵਰ ਨਵੀਦ ਅਕਰਮ ਅਤੇ ਉਸ ਦੇ ਪਿਤਾ ਸਾਜਿਦ ਅਕਰਮ ਕੋਲ ਘੱਟ ਤੋਂ ਘੱਟ ਛੇ ਬੰਦੂਕਾਂ ਸਨ ਜਿਨ੍ਹਾਂ ਨਾਲ ਉਨ੍ਹਾਂ ਨੇ ਅੰਨ੍ਹੇਵਾਹ ਯਹੂਦੀ ਤਿਉਹਾਰ ਮਨਾਂ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ ਸਨ।