ਆਸਟ੍ਰੇਲੀਆ ’ਚ ਸਖ਼ਤ ਹੋਣਗੇ ਨਫ਼ਰਤੀ ਭਾਸ਼ਣ ਬਾਰੇ ਕਾਨੂੰਨ, Bondi Beach ਅੱਤਵਾਦੀ ਹਮਲੇ ਤੋਂ ਬਾਅਦ ਸਰਕਾਰ ਦਾ ਵੱਡਾ ਫ਼ੈਸਲਾ

ਮੈਲਬਰਨ : Bondi Beach ’ਤੇ ਯਹੂਦੀ ਵਿਰੋਧੀ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ Anthony Albanese ਨੇ ਨਫ਼ਰਤੀ ਭਾਸ਼ਣ ਬਾਰੇ ਸਖ਼ਤ ਕਾਨੂੰਨ ਲਿਆਉਣ ਦਾ ਐਲਾਨ ਕੀਤਾ ਹੈ। Antisemitism ਰਾਜਦੂਤ Jillian Segal ਨਾਲ ਵਿਆਪਕ ਸੁਧਾਰਾਂ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਮੰਨਿਆ ਕਿ Bondi Beach ਵਰਗੇ ਭਿਆਨਕ ਅਤਿਵਾਦੀ ਹਮਲੇ ਤੋਂ ਪਹਿਲਾਂ ਸਰਕਾਰ ਅਜਿਹੀ ਕਾਰਵਾਈ ਕਰ ਸਕਦੀ ਸੀ। ਉਨ੍ਹਾਂ ਨੇ ਅਜਿਹੀ ਹਿੰਸਾ ਨੂੰ ਰੋਕਣ ਲਈ ਲੋੜੀਂਦੀਆਂ ਕੋਸ਼ਿਸ਼ਾਂ ਨਾ ਕਰਨ ਦੀ ਜ਼ਿੰਮੇਵਾਰੀ ਵੀ ਸਵੀਕਾਰ ਕੀਤੀ।

ਸੁਧਾਰਾਂ ਵਿੱਚ ਹਿੰਸਾ ਨੂੰ ਉਤਸ਼ਾਹਤ ਕਰਨ ਵਾਲੇ ਪ੍ਰਚਾਰਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ “ਨਫ਼ਰਤ ਭਰੇ ਭਾਸ਼ਣ”, ਅਤੇ ਨਸਲ ਜਾਂ ਸਰਵਉੱਚਤਾਵਾਦੀ ਵਿਚਾਰਧਾਰਾ ਦੇ ਅਧਾਰ ’ਤੇ “ਗੰਭੀਰ ਬਦਨਾਮੀ” ਦੇ ਨਵੇਂ ਫ਼ੈਡਰਲ ਅਪਰਾਧ ਪੇਸ਼ ਕੀਤੇ ਗਏ ਹਨ। ਹਿੰਸਾ ਭੜਕਾਉਣ ਵਾਲੇ ਨਫ਼ਰਤ ਭਰੇ ਭਾਸ਼ਣ ਲਈ ਜੁਰਮਾਨੇ ਵਧਾਏ ਜਾਣਗੇ, ਜਦੋਂ ਕਿ ਆਨਲਾਈਨ ਧਮਕੀਆਂ ਅਤੇ ਪਰੇਸ਼ਾਨੀ ਲਈ ਸਜ਼ਾ ਦੇਣ ’ਚ “ਨਫ਼ਰਤ” ਇੱਕ ਗੰਭੀਰ ਕਾਰਕ ਬਣ ਜਾਵੇਗਾ। ਨਵੇਂ ਕਾਨੂੰਨਾਂ ਅਨੁਸਾਰ ਆਸਟ੍ਰੇਲੀਆ ’ਚ ਨਫ਼ਰਤ ਫੈਲਾਉਣ ਵਾਲਿਆਂ ਦਾ ਵੀਜ਼ਾ ਰੱਦ ਕੀਤਾ ਜਾ ਸਕੇਗਾ।

ਉਨ੍ਹਾਂ ਸੰਗਠਨਾਂ ਦੀ ਸੂਚੀ ਬਣਾਉਣ ਲਈ ਇੱਕ ਢਾਂਚਾ ਵੀ ਸਥਾਪਤ ਕੀਤਾ ਜਾਵੇਗਾ ਜਿਨ੍ਹਾਂ ਦੇ ਨੇਤਾ ਨਫ਼ਰਤ ਭਰੇ ਭਾਸ਼ਣ ਵਿੱਚ ਸ਼ਾਮਲ ਹਨ। Albanese ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ Segal ਦੀਆਂ 13 ਸਿਫਾਰਸ਼ਾਂ ਦਾ ਪੂਰਾ ਸਮਰਥਨ ਕਰਦੀ ਹੈ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਕੰਮ ਕਰੇਗੀ। ਉਨ੍ਹਾਂ ਨੇ ਇਨ੍ਹਾਂ ਉਪਾਵਾਂ ਨੂੰ ਯਹੂਦੀ ਵਿਰੋਧੀਵਾਦ ਦੇ “ਦੁਸ਼ਟ ਬਿਪਰ” ਦਾ ਮੁਕਾਬਲਾ ਕਰਨ ਅਤੇ ਕਮਜ਼ੋਰ ਭਾਈਚਾਰਿਆਂ ਲਈ ਮਜ਼ਬੂਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਦੱਸਿਆ।

ਪ੍ਰਧਾਨ ਮੰਤਰੀ ਨੇ ਜ਼ਿੰਮੇਵਾਰੀ ਕਬੂਲੀ

ਇਸ ਦੌਰਾਨ Bondi Beach ’ਤੇ ਅਤਿਵਾਦੀ ਹਮਲੇ ਕਾਰਨ ਵਧਦੇ ਯਹੂਦੀ ਦਬਾਅ ਮਗਰੋਂ ਪ੍ਰਧਾਨ ਮੰਤਰੀ ਨਿਮਰ ਦਿਖੇ। ਉਨ੍ਹਾਂ ਕਿਹਾ, ‘‘ਮੈਂ ਮੰਨਦਾ ਹਾਂ ਕਿ (ਅਜਿਹੇ ਹਮਲੇ ਰੋਕਣ ਲਈ) ਬਹੁਤ ਕੁੱਝ ਕੀਤਾ ਜਾ ਸਕਦਾ ਸੀ, ਅਤੇ ਮੈਂ ਪ੍ਰਧਾਨ ਮੰਤਰੀ ਵਜੋਂ ਇਸ ’ਚ ਆਪਣੀ ਜ਼ਿੰਮੇਵਾਰੀ ਮਨਜ਼ੂਰ ਕਰਦਾ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਸਰਕਾਰਾਂ ਪਰਫ਼ੈਕਟ ਨਹੀਂ ਹੁੰਦੀਆਂ। ਜਵਾਬ ’ਚ ਮੈਂ ਜੋ ਕਰ ਸਕਦਾ ਸੀ ਉਹ ਸਭ ਕੁੱਝ ਕੀਤਾ… ਇਸ ਹਾਲਤ ’ਚ ਹਰ ਕੋਈ ਕਹੇਗਾ ਕਿ ਉਹ ਹੋਰ ਬਹੁਤ ਕੁੱਝ ਕਰ ਸਕਦਾ ਸੀ, ਅਤੇ ਬਹੁਤ ਕੁੱਝ ਕਰਨਾ ਰਹਿ ਗਿਆ। ਪਰ ਹੁਣ ਸਾਨੂੰ ਅੱਗੇ ਵਧਣ ਦੀ ਜ਼ਰੂਰਤ ਹੈ।’’