ਨਿਊਜ਼ੀਲੈਂਡ ’ਚ ਪੰਜਾਬੀ ਲੀਡਰਾਂ ਦੀ ਜਿੱਤ ਨੂੰ Manukau ਕੋਰਟ ਨੇ ਕੀਤਾ ਰੱਦ

ਆਕਲੈਂਡ : ਨਿਊਜ਼ੀਲੈਂਡ ਦੀ Manukau ਕੋਰਟ ਨੇ ਵਿਆਪਕ ਵੋਟਰ ਧੋਖਾਧੜੀ ਦਾ ਪਰਦਾਫਾਸ਼ ਕਰਨ ਤੋਂ ਬਾਅਦ ਪਾਪਾਟੋਏਟੋਏ ਲੋਕਲ ਬੋਰਡ ਦੀਆਂ ਚੋਣਾਂ ਨੂੰ ਰੱਦ ਕਰ ਦਿੱਤਾ ਹੈ। ਲੇਬਰ ਉਮੀਦਵਾਰ Vi Hausia ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ, ਜਿਸ ਵਿੱਚ “ਰਾਤ ਨੂੰ ਵੋਟਾਂ ਚੋਰੀ” ਵਰਗੀਆਂ ਗੜਬੜੀਆਂ ਦਾ ਹਵਾਲਾ ਦਿੱਤਾ ਗਿਆ। ਇਸ ਇਲਾਕੇ ਵਿੱਚ ਵੋਟਰਾਂ ਦੀ ਗਿਣਤੀ 7.5% ਵਧੀ, ਜਦਕਿ ਬਾਕੀ ਆਕਲੈਂਡ ’ਚ ਘਟੀ ਸੀ। ਲੋਕਲ ਬੋਰਡ ਚੋਣਾਂ ’ਚ ਚਾਰ ਪੰਜਾਬੀ ਮੂਲ ਦੇ ਉਮੀਦਵਾਰ ਪਹਿਲੀ ਵਾਰੀ ਚੋਣਾਂ ’ਚ ਖੜ੍ਹੇ ਸਨ ਅਤੇ ਚਾਰਾਂ ਦੀ ਜਿੱਤ ਤੋਂ ਸਾਰੇ ਹੈਰਾਨ ਸਨ। ਆਕਲੈਂਡ ’ਚ ‘ਪਾਪਾਟੋਏਟੋਏ’ ਨੂੰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ।

ਜੱਜ Richard McIlraith ਨੇ ਫੈਸਲਾ ਸੁਣਾਇਆ ਕਿ ਧੋਖਾਧੜੀ ਨਾਲ ਵੋਟਿੰਗ ਨੇ ਚੋਣ ਨੂੰ “ਵਿਗਾੜ ਦਿੱਤਾ” ਸੀ, ਜਿਸ ਨਾਲ ਇਸ ਦੇ ਨਤੀਜੇ ਉਤੇ ਅਸਰ ਪਿਆ। ਸਬੂਤਾਂ ਨੇ ਦਿਖਾਇਆ ਕਿ ਘੱਟੋ-ਘੱਟ 79 ਲੋਕਾਂ ਨੇ ਗਲਤ ਤਰੀਕੇ ਨਾਲ ਵੋਟਾਂ ਪਾਈਆਂ ਸਨ, ਜਿਨ੍ਹਾਂ ਵਿੱਚੋਂ 53 ਅਦਾਲਤ ਵਿੱਚ ਖੋਲ੍ਹੀਆਂ ਗਈਆਂ। 50 ਜੇਤੂ ਪਾਪਾਟੋਏਟੋ-ਓਟਾਰਾ ਐਕਸ਼ਨ ਟੀਮ ਦੇ ਹੱਕ ਵਿੱਚ ਸਨ, ਜਿਨ੍ਹਾਂ ਵਿੱਚ ਸੰਦੀਪ ਸੈਣੀ, ਕੁਨਾਲ ਭੱਲਾ, ਪਰਮਜੀਤ ਸਿੰਘ ਅਤੇ ਕੁਸ਼ਮਾ ਨਾਇਰ ਸ਼ਾਮਲ ਸਨ। ਇਨ੍ਹਾਂ ਦੀ ਜਿੱਤ ਨੂੰ ਰੱਦ ਕਰ ਦਿੱਤਾ ਗਿਆ ਹੈ।

ਹੁਣ ਲੋਕਲ ਬੋਰਡ ਦੀ ਜ਼ਿਮਨੀ ਚੋਣ (byelection) ਹੋਵੇਗੀ। ਇਸ ਘਪਲੇ ਨਾਲ ਡਾਕ ਵੋਟਿੰਗ ਪ੍ਰਣਾਲੀ ਦੀਆਂ ਕਮਜ਼ੋਰੀਆਂ ਵੀ ਉਜਾਗਰ ਹੋ ਗਈਆਂ ਹਨ। ਪੁਲਿਸ ਹੋਰ ਜਾਂਚ ਕਰ ਰਹੀ ਹੈ। ਫੈਸਲੇ ਤੋਂ ਬਾਅਦ ਚੋਣ ਸੁਧਾਰ ਦੀ ਮੰਗ ਹੋ ਰਹੀ ਹੈ।