ਆਸਟ੍ਰੇਲੀਆ ਦੇ ਊਠਾਂ ਦੀ ਕਹਾਣੀ

ਮੈਲਬਰਨ : ਆਸਟ੍ਰੇਲੀਆ ਦੇ ਰੇਗਿਸਤਾਨਾਂ ਵਿੱਚ ਅੱਜ ਲਗਭਗ ਦਸ ਲੱਖ ਜੰਗਲੀ ਊਠ ਵਸਦੇ ਹਨ। ਇਹ ਇੱਥੋਂ ਦੇ ਤਾਂ ਨਹੀਂ ਸੀ, ਪਰ ਇੱਥੇ ਆ ਕੇ ਆਪਣੀ ਬੰਸਾਵਲੀ ਵਧਾ ਕੇ ਇਸ ਧਰਤੀ ਦਾ ਹਿੱਸਾ ਬਣ ਗਏ। ਹਰ ਸਾਲ ਸਰਕਾਰ ਵੱਲੋਂ ਹਜ਼ਾਰਾਂ ਊਠਾਂ ਨੂੰ ਮਾਰਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਦੀ ਗਿਣਤੀ ਕੰਟਰੋਲ ਵਿੱਚ ਰਹੇ, ਕਿਉਂਕਿ ਇਹ ਪਾਣੀ ਦੇ ਸਰੋਤਾਂ ਨੂੰ ਖਤਮ ਕਰਦੇ, ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਅਤੇ ਰੋਡ ਐਕਸੀਡੈਂਟ ਦਾ ਕਾਰਨ ਬਣਦੇ ਹਨ।

ਇਤਿਹਾਸਕ ਪਿਛੋਕੜ

ਪੌਣੇ 200 ਸਾਲ ਪਹਿਲਾਂ, ਯੂਰਪੀ ਖੋਜੀ ਜਦੋਂ ਆਸਟ੍ਰੇਲੀਆ ਦੇ ਅੰਦਰੂਨੀ ਰੇਗਿਸਤਾਨੀ ਖੇਤਰਾਂ ਨੂੰ ਵਸਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਉਨ੍ਹਾਂ ਨੂੰ ਸਮੱਸਿਆ ਆਈ ਕਿ ਘੋੜੇ, ਖੱਚਰ ਜਾਂ ਬਲਦ ਰੇਗਿਸਤਾਨ ਦੀਆਂ ਹਾਲਤਾਂ ਨਹੀਂ ਸਹਾਰ ਸਕਦੇ। ਇਸ ਲਈ 1859 ਵਿੱਚ ਭਾਰਤ, ਅਫਗਾਨਿਸਤਾਨ, ਇਰਾਨ ਅਤੇ ਅਰਬ ਦੇਸ਼ਾਂ ਤੋਂ ਊਠ ਲਿਆਂਦੇ ਗਏ।

ਇਨ੍ਹਾਂ ਦੇ ਨਾਲ ਤਜਰਬੇਕਾਰ ਅਫਗਾਨ ਕੈਮਲੀਅਰਸ ਵੀ ਆਏ, ਜੋ ਆਪਣੀ ਸੱਭਿਆਚਾਰ, ਬੋਲੀ ਅਤੇ ਧਰਮ ਛੱਡ ਕੇ ਆਸਟ੍ਰੇਲੀਆ ਦੇ ਰੇਗਿਸਤਾਨਾਂ ਵਿੱਚ ਵਸੇ। ਉਨ੍ਹਾਂ ਨੇ ਰੇਲਵੇ ਬਣਾਉਣ, ਖੋਜ ਯਾਤਰਾਵਾਂ, ਪਿੰਡਾਂ ਅਤੇ ਸ਼ਹਿਰਾਂ ਨੂੰ ਵਸਾਉਣ ਵਿੱਚ ਵੱਡਾ ਯੋਗਦਾਨ ਪਾਇਆ। ਰੇਗਿਸਤਾਨੀ ਇਲਾਕਿਆਂ ਵਿੱਚ ਖਾਣਾ, ਪਾਣੀ, ਲੱਕੜ, ਮੈਟਲ ਪਾਰਟਸ ਅਤੇ ਹੋਰ ਸਮਾਨ ਊਠਾਂ ਰਾਹੀਂ ਹੀ ਪਹੁੰਚਾਇਆ ਜਾਂਦਾ ਸੀ।

ਯੋਗਦਾਨ ਅਤੇ ਵਿਰਾਸਤ

ਊਠਾਂ ਦੀਆਂ ਪਿੱਠਾਂ ਉੱਤੇ ਰੇਲਵੇ ਲਾਈਨਾਂ ਤੁਰੀਆਂ, ਪੁੱਲ ਬਣੇ ਅਤੇ ਦੂਰ-ਦੁਰਾਡੇ ਪਿੰਡਾਂ ਨੂੰ ਜੋੜਿਆ ਗਿਆ। ਉਨ੍ਹਾਂ ਨੇ ਆਸਟ੍ਰੇਲੀਆ ਨੂੰ ਵਸਾਉਣ ਵਿੱਚ ਬੁਨਿਆਦੀ ਭੂਮਿਕਾ ਨਿਭਾਈ। ਪਰ ਜਦੋਂ ਰੇਲਵੇ ਅਤੇ ਸੜਕਾਂ ਬਣ ਗਈਆਂ, ਬਹੁਤ ਸਾਰੇ ਊਠ ਵੇਚ ਦਿੱਤੇ ਗਏ ਅਤੇ ਬਾਕੀ ਰੇਗਿਸਤਾਨਾਂ ਵਿੱਚ ਛੱਡ ਦਿੱਤੇ ਗਏ।

ਮੌਜੂਦਾ ਹਾਲਾਤ

ਅੱਜ ਇਹ ਊਠ ਆਸਟ੍ਰੇਲੀਆ ਦੇ ਰੇਗਿਸਤਾਨਾਂ ਵਿੱਚ ਅਵਾਰਾ ਫਿਰਦੇ ਹਨ। ਉਨ੍ਹਾਂ ਦੀ ਵਧਦੀ ਗਿਣਤੀ ਕਾਰਨ ਸਰਕਾਰ ਹੰਟਿੰਗ ਕਰਦੀ ਹੈ, ਜੋ ਕਿ ਵਿਵਾਦਿਤ ਰਹੀ ਹੈ। ਇਸ ਦੇ ਨਾਲ ਹੀ ਚਰਚਾ ਚੱਲ ਰਹੀ ਹੈ ਕਿ ਊਠਾਂ ਨੂੰ ਟੂਰਿਜ਼ਮ, ਮਿਲਕ ਇੰਡਸਟਰੀ, ਮੀਟ, ਲੈਦਰ ਅਤੇ ਬਾਇਲੋਜੀਕਲ ਰਿਸਰਚ ਵਿੱਚ ਵਰਤਿਆ ਜਾਵੇ। ਮਿਡਲ ਈਸਟ ਅਤੇ ਅਫਰੀਕਾ ਵਰਗੇ ਦੇਸ਼ ਪਹਿਲਾਂ ਹੀ ਇਸ ਇੰਡਸਟਰੀ ਵਿੱਚ ਨਿਵੇਸ਼ ਕਰ ਰਹੇ ਹਨ, ਜਿਸ ਨਾਲ ਆਸਟ੍ਰੇਲੀਆ ਲਈ ਵੀ ਵੱਡੀ ਅਪੋਰਚੁਨਿਟੀ ਹੈ।

ਊਠ ਇੱਕ ਸਮੇਂ ਆਸਟ੍ਰੇਲੀਆ ਦੇ ਹੀਰੋ ਸਨ, ਜਿਨ੍ਹਾਂ ਨੇ ਇਸ ਦੇਸ਼ ਦੀ ਬੁਨਿਆਦ ਰੱਖੀ। ਪਰ ਅੱਜ ਉਹ ਰੇਗਿਸਤਾਨਾਂ ਦੀ ਚੁੱਪ ਵਿੱਚ ਗਾਇਬ ਹੋ ਰਹੇ ਹਨ। ਇਹ ਸਮਝਣ ਦੀ ਲੋੜ ਹੈ ਕਿ ਆਸਟ੍ਰੇਲੀਆ ਦੀ ਇਤਿਹਾਸਕ ਵਿਰਾਸਤ ਵਿੱਚ ਊਠਾਂ ਦਾ ਯੋਗਦਾਨ ਅਮੋਲਕ ਹੈ, ਜਿਸ ਨੂੰ ਭੁੱਲਣਾ ਨਹੀਂ ਚਾਹੀਦਾ।

ਪੂਰੀ ਵੀਡੀਓ ਹੇਠਾਂ ਵੇਖੋ :