ਮੈਲਬਰਨ : ਨਿਊਜ਼ੀਲੈਂਡ ਦੀ ਇਮੀਗਰੇਸ਼ਨ ਅਤੇ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਇੱਕ ਪਤਨੀ ਨਾਲ ‘ਮੈਰੀਟਲ ਰੇਪ’ ਕਰਨ ਅਤੇ ਕੁੱਟਮਾਰ ਦੇ ਦੋਸ਼ੀ ਇੱਕ ਪੰਜਾਬੀ ਵਿਅਕਤੀ ਨੂੰ ਭਾਰਤ ਡਿਪੋਰਟ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ ਅਦਾਲਤ ਨੇ ਅਜੇ ਤਕ ਉਸ ਦਾ ਨਾਮ ਨਾਮ ਗੁਪਤ ਰੱਖਣ ਦੇ ਹੁਕਮ ਲਾਗੂ ਰੱਖਿਆ ਹੈ। ਅਪ੍ਰੈਲ 2023 ’ਚ ਉਸ ਨੂੰ 7 ਸਾਲ 10 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਸਤੰਬਰ 2030 ’ਚ ਰਿਹਾਈ ਮਗਰੋਂ ਤੁਰੰਤ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ।
ਪੰਜਾਬ ਤੋਂ ਆਏ ਇਸ ਵਿਅਕਤੀ ਨੂੰ ਦੀ ਪਤਨੀ ਹਨੀਮੂਨ ਤੋਂ ਬਾਅਦ ਹੀ ਹਿੰਸਾ ਦਾ ਸ਼ਿਕਾਰ ਹੋਈ ਅਤੇ ਆਖ਼ਿਰਕਾਰ ਉਸ ਨੂੰ ਮਹਿਲਾ ਸ਼ਰਨਾਥਾਲੇ ਵਿੱਚ ਪਨਾਹ ਲੈਣੀ ਪਈ। ਉਸ ਨੇ ਦਲੀਲ ਦਿੱਤੀ ਕਿ ਉਸ ਦੇ ਨਿਊਜ਼ੀਲੈਂਡ ਵਿੱਚ ਪਰਿਵਾਰਕ ਰਿਸ਼ਤੇ, ਨਿਵੇਸ਼ ਅਤੇ ਲੰਬੇ ਸਮੇਂ ਦੀ ਰਹਾਇਸ਼ ਕਾਰਨ ਉਸ ਨੂੰ ਦੇਸ਼ੋਂ ਨਾ ਕੱਢਿਆ ਜਾਵੇ। ਪਰ ਇਮੀਗ੍ਰੇਸ਼ਨ ਅਤੇ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਉਸਦੀ ਅਪੀਲ ਰੱਦ ਕਰ ਦਿੱਤੀ। ਟ੍ਰਿਬਿਊਨਲ ਨੂੰ ਮਨੁੱਖੀ ਹਮਦਰਦੀ ਦੇ ਅਧਾਰ ’ਤੇ ਕੋਈ ਵਿਸ਼ੇਸ਼ ਕਾਰਨ ਨਹੀਂ ਮਿਲਿਆ। ਉਸ ਦੇ ਗੁਰਦੁਆਰੇ ਦੇ ਪ੍ਰਧਾਨ ਅਤੇ ਮਨੋਵਿਗਿਆਨੀ ਨੇ ਉਸ ਦੇ ਹੱਕ ਵਿੱਚ ਪੱਤਰ ਦਿੱਤੇ, ਪਰ ਜੱਜ ਨੇ ਕਿਹਾ ਕਿ ਉਸ ਕੋਲ ਕਾਫ਼ੀ ਦੌਲਤ ਹੈ ਅਤੇ ਉਹ ਭਾਰਤ ਵਿੱਚ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰ ਸਕਦਾ ਹੈ।





