ਸਿਡਨੀ ’ਚ ਭਾਰਤੀ ਮੂਲ ਦੀ ਔਰਤ ਅਤੇ ਉਸ ਦੇ ਪੇਟ ’ਚ ਪਲ ਰਹੇ ਬੱਚੇ ਦੀ ਸੜਕ ਹਾਦਸੇ ’ਚ ਦਰਦਨਾਕ ਮੌਤ

ਸਿਡਨੀ : ਸਿਡਨੀ ਦੇ Hornsby ਵਿੱਚ ਇੱਕ ਦੁਖਦਾਈ ਸੜਕ ਹਾਦਸੇ ਵਿੱਚ ਅੱਠ ਮਹੀਨਿਆਂ ਦੀ ਗਰਭਵਤੀ ਸਮਨਵਿਤਾ ਧਰੇਸ਼ਵਰ (33) ਅਤੇ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ। ਉਹ ਆਪਣੇ ਪਤੀ ਅਤੇ 3 ਸਾਲ ਦੇ ਬੇਟੇ ਨਾਲ ਬੀਤੇ ਸ਼ੁਕਰਵਾਰ (14 ਨਵੰਬਰ ਨੂੰ) ਸੜਕ ਪਾਰ ਕਰ ਰਹੀ ਸੀ ਜਦੋਂ ਇੱਕ Kia Carnival, ਉਨ੍ਹਾਂ ਨੂੰ ਸੜਕ ਪਾਰ ਕਰਨ ਦੇਣ ਲਈ ਰੁਕੀ। ਪਰ 19 ਸਾਲ ਦੇ ਡਰਾਈਵਿੰਗ ਸਿਖ ਰਹੇ Aaron Papazoglu ਵੱਲੋਂ ਚਲਾਈ ਜਾ ਰਹੀ ਇੱਕ BMW ਕਾਰ ਨੇ ਇਸ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ Kia Carnival ਕਾਰ ਸਮਨਵਿਤਾ ਧਰੇਸ਼ਵਰ ਵਿੱਚ ਟਕਰਾਈ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।

Aaron Papazoglu ਇੱਕ ਯੂਨੀਵਰਸਿਟੀ ਦਾ ਵਿਦਿਆਰਥੀ ਹੈ, ਜਿਸ ਦਾ ਪਹਿਲਾਂ ਦਾ ਕੋਈ ਅਪਰਾਧ ਨਹੀਂ ਹੈ। ਉਸ ਦੀ ਜ਼ਮਾਨਤ ਨਾਮਨਜ਼ੂਰ ਕਰ ਦਿੱਤੀ ਗਈ ਹੈ। ਉਸ ਨੂੰ ਖਤਰਨਾਕ ਡਰਾਈਵਿੰਗ ਕਰਨ ਅਤੇ NSW ਦੇ Zoe’s Law ਤਹਿਤ ਇੱਕ ਭਰੂਣ ਨੂੰ ਨੁਕਸਾਨ ਪਹੁੰਚਾਉਣ ਸਮੇਤ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦੋਸ਼ਾਂ ਹੇਠ ਉਸ ਨੂੰ ਤਿੰਨ ਸਾਲਾਂ ਦੀ ਕੈਦ ਹੋ ਸਕਦੀ ਹੈ।

ਸਮਨਵਿਤਾ ਧਰੇਸ਼ਵਰ ਅਤੇ ਉਸ ਦੇ ਪਤੀ ਨੇ ਕੁੱਝ ਹਫ਼ਤੇ ਪਹਿਲਾਂ ਹੀ ਸਿਡਨੀ ਦੇ ਨੌਰਥ-ਵੈਸਟ ’ਚ Grantham Farm ਸਥਿਤ ਇੱਕ ਪਲਾਟ ਖ਼ਰੀਦਿਆ ਸੀ, ਜਿਸ ਉਤੇ ਉਹ ਆਪਣੇ ਸੁਪਨਿਆਂ ਦੇ ਘਰ ਨੂੰ ਬਣਾਉਣ ਦੀਆਂ ਯੋਜਨਾਵਾਂ ਬਣਾ ਰਹੇ ਸਨ। ਹਾਦਸੇ ਵਾਲੀ ਥਾਂ ’ਤੇ ਲੋਕਾਂ ਨੇ ਫੁੱਲ ਅਤੇ ਭਾਵੁਕ ਨੋਟ ਲਿਖ ਕੇ ਸਮਨਵਿਤਾ ਧਰੇਸ਼ਵਰ ਨੂੰ ਸ਼ਰਧਾਂਜਲੀ ਦਿੱਤੀ।