ਆਸਟ੍ਰੇਲੀਆ ਲਈ ਖੁਸ਼ਖਬਰੀ, ਡੋਨਾਲਡ ਟਰੰਪ ਨੇ ਬੀਫ਼ ਦੇ ਇੰਪੋਰਟ ਤੋਂ ਹਟਾਇਆ ਟੈਰਿਫ਼

ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਨੂੰ ਦੇਸ਼ ਦੀ ਸਭ ਤੋਂ ਵੱਡੀ ਐਕਸਪੋਰਟ ਆਸਟ੍ਰੇਲੀਅਨ ਬੀਫ ’ਤੇ ਲੱਗੇ ਟੈਰਿਫ ਨੂੰ ਖ਼ਤਮ ਕਰ ਦਿੱਤਾ ਹੈ। ਆਸਟ੍ਰੇਲੀਆ ਹਰ ਸਾਲ ਅਮਰੀਕਾ ਨੂੰ 2 ਬਿਲੀਅਨ ਡਾਲਰ ਤੋਂ ਵੱਧ ਦਾ ਬੀਫ਼ ਐਕਪੋਰਟ ਕਰਦਾ ਹੈ। ਟਰੰਪ ਦੇ ਨਵੇਂ ਐਗਜ਼ੀਕਿਊਟਿਵ ਆਰਡਰ ਵਿੱਚ ਬੀਫ ਤੋਂ ਇਲਾਵਾ ਟਮਾਟਰ, ਕੌਫੀ, ਕੇਲੇ ਅਤੇ ਹੋਰ ਇੰਪੋਰਟ ਨੂੰ ਵੀ ਛੋਟ ਦਿੱਤੀ ਗਈ ਹੈ। ਇਹੀ ਨਹੀਂ ਜੋ ਐਕਸਪੋਰਟਰ ਪਹਿਲਾਂ ਡਿਊਟੀਜ਼ ਅਦਾ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਫੰਡ ਵੀ ਅਦਾ ਕੀਤਾ ਜਾਵੇਗਾ। ਇਸ ਕਦਮ ਦਾ ਉਦੇਸ਼ ਮਹਿੰਗਾਈ ਦੇ ਦਬਾਅ ਨੂੰ ਘੱਟ ਕਰਨਾ ਹੈ, ਜੋ ਕਿ ਟਰੰਪ ਦੀ ਮੁਹਿੰਮ ਦਾ ਇੱਕ ਕੇਂਦਰੀ ਮੁੱਦਾ ਹੈ, ਹਾਲਾਂਕਿ ਆਲੋਚਕਾਂ ਦਾ ਤਰਕ ਹੈ ਕਿ ਵਪਾਰ ਯੁੱਧ ਨੇ ਖੁਦ ਖਰਚਿਆਂ ਵਿੱਚ ਵਾਧਾ ਕੀਤਾ ਹੈ। ਪਹਿਲਾਂ ਦੇ ਟੈਰਿਫ ਦੇ ਬਾਵਜੂਦ, ਆਸਟ੍ਰੇਲੀਅਨ ਬੀਫ ਦੀ ਐਕਸਪੋਰਟ 2025 ਵਿੱਚ ਅਮਰੀਕਾ ਦੇ ਪਸ਼ੂਆਂ ਦੇ ਝੁੰਡ ਵਿੱਚ ਗਿਰਾਵਟ ਅਤੇ ਬ੍ਰਾਜ਼ੀਲ ਵਰਗੇ ਮੁਕਾਬਲੇਬਾਜ਼ਾਂ ’ਤੇ ਉੱਚ ਟੈਰਿਫ ਦੇ ਕਾਰਨ ਵਧੀ ਹੀ ਹੈ। ਅਨੁਕੂਲ ਆਸਟ੍ਰੇਲੀਅਨ ਮੌਸਮ ਨੇ ਉਤਪਾਦਨ ਨੂੰ ਵਧਾਇਆ, ਜਿਸ ਕਾਰਨ ਟੈਰਿਫ਼ ਖ਼ਤਮ ਕਰਨਾ ਰਾਜਨੀਤਿਕ ਤੌਰ ‘ਤੇ ਮਹੱਤਵਪੂਰਨ ਅਤੇ ਆਰਥਿਕ ਤੌਰ ‘ਤੇ ਪ੍ਰਭਾਵਸ਼ਾਲੀ ਹੋ ਗਿਆ। ਟਰੰਪ ਦੇ ਨਵੇਂ ਫ਼ੈਸਲੇ ਨਾਲ ਕੋਲਾ, ਪੈਟਰੋਲ, ਤੇਲ, ਯੂਰੇਨੀਅਮ ਅਤੇ ਕੈਮੀਕਲਜ਼ ਨੂੰ ਵੀ ਮਿਲੀ ਟੈਰਿਫ਼ ਤੋਂ ਛੋਟ ਮਿਲ ਗਈ ਹੈ।