ਨਿਊਜ਼ੀਲੈਂਡ : ਵਿਦੇਸ਼ੀ ਵਰਕਰਜ਼ ਨਾਲ ਬਲਾਤਕਾਰ ਅਤੇ ਸੋਸ਼ਣ ਦੇ ਦੋਸ਼ ’ਚ ਲੇਬਰ ਕੰਪਨੀ ਦੇ ਡਾਇਰੈਕਟਰ ਨੂੰ 14 ਸਾਲ ਤੋਂ ਵੱਧ ਦੀ ਸਜ਼ਾ

ਮੈਲਬਰਨ : ਨਿਊਜ਼ੀਲੈਂਡ ਦੀ Hawke’s Bay ਸਥਿਤ ਇੱਕ ਲੇਬਰ ਕੰਪਨੀ ਦੇ ਡਾਇਰੈਕਟਰ ਪਰਮਿੰਦਰ ਸਿੰਘ (46) ਨੂੰ ਦੋ ਵਿਦੇਸ਼ੀ ਵਰਕਰਜ਼ ਨਾਲ ਬਲਾਤਕਾਰ ਅਤੇ ਸ਼ੋਸ਼ਣ ਕਰਨ ਦੇ ਦੋਸ਼ ਵਿੱਚ 14 ਸਾਲ 2 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਆਪਣੇ ਤੋਂ ਅੱਧੀ ਉਮਰ ਦੀ ਇੱਕ ਵੀਅਤਨਾਮੀ ਔਰਤ ਨੂੰ ਲਾਰੇ ਲਗਾ ਕੇ ਅਤੇ ਪੈਸੇ ਦੇ ਜਾਲ ਵਿਚ ਫਸਾ ਕੇ ਉਸ ਨਾਲ ਦੋ ਮਹੀਨਿਆਂ ਤੋਂ ਵੱਧ ਸਮੇਂ ਤਕ ਜਿਨਸੀ ਸੋਸ਼ਣ ਕਰਨ ਅਤੇ ਦੂਸਰੀ ਸਾਊਥ ਅਮਰੀਕੀ ਔਰਤ ਨਾਲ ਵੀਜ਼ਾ ਦੇਣ ਦਾ ਝੂਠਾ ਵਾਅਦਾ ਕਰ ਕੇ ਅਤੇ ਨਸ਼ਾ ਦੇ ਕੇ ਉਸ ਨਾਲ ਬਲਾਤਕਾਰ ਕਰਨ ਦੇ ਜੁਰਮਾਂ ਦਾ ਦੋਸ਼ੀ ਪਾਇਆ ਗਿਆ। ਪਰਮਿੰਦਰ ਸਿੰਘ Work Force J&B Ltd ਦਾ ਡਾਇਰੈਕਟਰ ਸੀ ਜੋ ਹੋਰਟੀਕਲਚਰ ਉਦਯੋਗ ਨੂੰ ਵਰਕਰ ਪ੍ਰਦਾਨ ਕਰਦਾ ਹੁੰਦਾ ਸੀ। ਪਰਮਿੰਦਰ ਸਿੰਘ ਨੂੰ ਇਮੀਗ੍ਰੇਸ਼ਨ ਐਕਟ ਦੀ ਉਲੰਘਣਾ ਦਾ ਦੋਸ਼ੀ ਵੀ ਠਹਿਰਾਇਆ ਗਿਆ ਸੀ ਪਰ ਮਨੁੱਖੀ ਤਸਕਰੀ ਦੇ ਦੋਸ਼ਾਂ ਤੋਂ ਉਹ ਬੱਚ ਗਿਆ। ਉਸ ਨੂੰ ਹਮਲੇ ਅਤੇ ਅਸ਼ਲੀਲ ਵਿਵਹਾਰ ਲਈ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਪਰਮਿੰਦਰ ਸਿੰਘ 2032 ਤੱਕ ਪੈਰੋਲ ਦੇ ਯੋਗ ਨਹੀਂ ਹੋਵੇਗਾ। ਪਰਮਿੰਦਰ 1998 ’ਚ ਨਿਊਜ਼ੀਲੈਂਡ ਆਇਆ ਸੀ ਅਤੇ ਇੱਥੋਂ ਦਾ ਪੱਕਾ ਸਿਟੀਜਨ ਹੈ।