ਮੁੜ ਸਰਕਾਰ ਬਣੀ ਤਾਂ ਐਡੀਲੇਡ CBD ਵਿੱਚ 500 ਮਿਲੀਅਨ ਡਾਲਰ ਤਕ ਦੀ ਮਿਲੇਗੀ ਵਿੱਤੀ ਗਾਰੰਟੀ ਸਪੋਰਟ : Peter Malinauskas

ਮੈਲਬਰਨ : ਸਾਊਥ ਆਸਟ੍ਰੇਲੀਆ ਦੀ Peter Malinauskas ਦੀ ਅਗਵਾਈ ਵਾਲੀ ਸਰਕਾਰ ਨੇ ਵੱਡਾ ਚੋਣ ਵਾਅਦਾ ਕੀਤਾ ਹੈ। ਲੇਬਰ ਪਾਰਟੀ ਦੀ ਸਟੇਟ ਕਨਵੈਂਸ਼ਨ ਵਿਚ Peter Malinauskas ਨੇ ਐਲਾਨ ਕੀਤਾ ਹੈ ਕਿ 2026 ਵਿੱਚ ਦੁਬਾਰਾ ਚੁਣੇ ਜਾਣ ‘ਤੇ ਐਡੀਲੇਡ ਦੇ CBD ਵਿੱਚ ਸਰਕਾਰ ਅਪਾਰਟਮੈਂਟ ਨਿਰਮਾਣ ਵਿੱਚ 500 ਮਿਲੀਅਨ ਡਾਲਰ ਤੱਕ ਦੀ ਲਾਗਤ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ, ‘‘ਮੁੜ ਸਰਕਾਰ ਬਣੀ ਤਾਂ ਐਡੀਲੇਡ CBD ਵਿੱਚ ਡਿਵੈਲਪਰਸ ਨੂੰ 500 ਮਿਲੀਅਨ ਡਾਲਰ ਤਕ ਦੀ ਵਿੱਤੀ ਗਾਰੰਟੀ ਸਪੋਰਟ ਮਿਲੇਗੀ।’’

ਇਹ ਯੋਜਨਾ 1 ਮਿਲੀਅਨ ਡਾਲਰ ਤੋਂ ਘੱਟ ਦੇ ਦਰਮਿਆਨੀ ਕੀਮਤ ਵਾਲੇ ਅਪਾਰਟਮੈਂਟਸ ਲਈ ਹੈ, ਜਿਸ ਦਾ ਉਦੇਸ਼ ਸਪਲਾਈ ਨੂੰ ਉਤਸ਼ਾਹਤ ਕਰਨਾ ਅਤੇ ਵਿਕਰੀ ਤੋਂ ਪਹਿਲਾਂ ਦੀਆਂ ਜ਼ਰੂਰਤਾਂ ਕਾਰਨ ਹੋਣ ਵਾਲੀਆਂ ਵਿੱਤੀ ਰੁਕਾਵਟਾਂ ਨੂੰ ਦੂਰ ਕਰਨਾ ਹੈ। ਹਾਲਾਂਕਿ ਡਿਵੈਲਪਰਾਂ ਨੂੰ ਸਖਤ ਮਾਪਦੰਡਾਂ ਨੂੰ ਪੂਰਾ ਕਰਨਾ ਪਵੇਗਾ, ਜਿਵੇਂ ਮਕਾਨ ਨੂੰ ਪਲਾਨਿੰਗ ਮਨਜ਼ੂਰੀ ਮਿਲੀ ਹੋਵੇ, ਡਿਵੈਲਪਰ ਦਾ ਅਪਾਰਟਮੈਂਟ ਡਿਲੀਵਰੀ ’ਚ ਤਜਰਬਾ ਹੋਵੇ, ਗਾਰੰਟੀ ਵੈਲਿਊ ’ਤੇ 50,000 ਇਸਟੈਬਲਿਸ਼ਮੈਂਟ ਫ਼ੀਸ ਅਤੇ 1% ਸਾਲਾਨਾ ਫ਼ੈਸੇਲਿਟੀ ਫ਼ੀਸ ਦੇਣੀ ਹੋਵੇਗੀ, ਗਾਰੰਟੀ ਮਕਾਨ ਦੀ 50% ਕੀਮਤ ’ਤੇ ਲਾਗੂ ਹੋਵੇਗੀ ਅਤੇ ਪ੍ਰਤੀ ਪ੍ਰਾਜੈਕਟ 30 ਮਿਲੀਅਨ ਡਾਲਰ ਤੋਂ ਜ਼ਿਆਦਾ ਨਹੀਂ ਹੋਵੇਗੀ।

ਹਾਲਾਂਕਿ ਸਰਕਾਰ ਸਿਰਫ ਤਾਂ ਹੀ ਦਖਲ ਦੇਵੇਗੀ ਜੇ ਮਕਾਨ ਵਿਕਣ ਵਿੱਚ ਅਸਫਲ ਰਹਿੰਦੇ ਹਨ। ਸਰਕਾਰ ਇਨ੍ਹਾਂ ਮਕਾਨਾਂ ਨੂੰ ਉਨ੍ਹਾਂ ਦੀ ਬਾਜ਼ਾਰ ਕੀਮਤ ਤੋਂ 10٪ ਘੱਟ ਕੀਮਤ ਉਤੇ ਖ਼ਰੀਦੇਗੀ। ਪ੍ਰਾਪਰਟੀ ਕੌਂਸਲ ਨੇ ਇਸ ਯੋਜਨਾ ਦਾ ਸਮਰਥਨ ਕੀਤਾ ਹੈ, ਪਰ ਆਲੋਚਕਾਂ ਦਾ ਕਹਿਣਾ ਹੈ ਕਿ ਮਕਾਨ ਏਨੇ ਸਸਤੇ ਨਹੀਂ ਹਨ ਕਿ ਨੌਜੁਆਨ ਲੋਕ ਇਨ੍ਹਾਂ ਨੂੰ ਖ਼ਰੀਦ ਸਕਣ।